ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ `ਰੇਡੀਓ ਕੈਮਿਸਟਰੀ ਅਤੇ
ਰੇਡੀਓਆਈਸੋਟੌਪਸ` ਦੀ ਵਰਤੋਂ ਦੇ ਵਿਸ਼ੇ `ਤੇ ਸੱਤ ਦਿਨਾਂ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਭਾਬਾ ਆਟੋਮਿਕ ਰੀਸਰਚ ਸੈਂਟਰ ਮੁੰਬਈ ਦੀ ਇੰਡੀਅਨ ਐਸੋਸੀਏਸ਼ਨ ਆਫ ਨਿਊਕਲੀਅਰ ਕੈਮਿਸਟਸ ਐਂਡ ਅਲਾਇੀਡ ਸਾਂਇੰਟਿਸ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ 45 ਅਧਿਆਪਕ ਭਾਗ ਲੈ ਰਹੇ ਹਨ।
ਵਰਕਸ਼ਾਪ ਦੇ ਕੋਆਰਡੀਨੇਟਰ ਅਤੇ ਅਦਾਰੇ ਦੇ ਨਿਊਕਲੀਅਰ ਫਿਊਲ ਡਾਇਰੈਕਟਰ, ਡਾ. ਪੀ.ਸੀ. ਕਲਸੀ ਨੇ ਇਸ ਵਰਕਸ਼ਾਪ ਦੌਰਾਨ ਵੱਖ ਵੱਖ ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪਰਚਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਰੇ ਦੇ ਡਾ. ਵਿਵੇਕ ਭਸੀਨ ਇਸ ਵਰਕਸ਼ਾਪ ਦੌਰਾਨ ਸਿਖਿਆਰਥੀਆਂ ਨੂੰ ਤਕਨੀਕੀ ਗਿਆਨ ਤੋਂ ਇਲਾਵਾ ਵਿਹਾਰਿਕ ਗਿਆਨ ਤੋਂ ਵੀ ਜਾਣੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਵੱਧ ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਵਿਗਿਆਨ ਪ੍ਰਤੀ ਜਾਗਰੂਕ ਕਰਦੇ ਹੋਏ ਰੁਚੀ ਵਿਚ ਵਾਧਾ ਕਰਨਾ ਹੈ।
ਰੇਡੀਓਕੈਮਿਸਟਰੀ ਐਂਡ ਇਸੋਟੋਪ ਗਰੁੱਪ ਦੇ ਡਾਇਰੈਕਟਰ ਅਤੇ ਅਦਾਰੇ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪੀ.ਕੇ. ਪੁਜਾਰੀ ਨੇ ਅਦਾਰੇ ਵਿਚ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵੱਲੋਂ ਇਸ ਖੇਤਰ ਦੇ ਮਾਹਿਰ ਵਿਗਿਆਨੀਆਂ ਨੂੰ ਸਨਾਮਨਿਤ ਕਰਨ ਤੋਂ ਇਲਾਵਾ ਅਦਾਰੇ ਵਲੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਇਸ ਖੇਤਰ ਵਿਚ ਹੋਰ ਖੋਜ ਕਰਨ ਲਈ ਵੱਧ ਵੱਧ ਯੋਗ ਖੋਜਾਰਥੀਆਂ ਨੂੰ ਆਕਰਸ਼ਤ ਕੀਤਾ ਜਾ ਸਕੇ।
ਪ੍ਰਸਿੱਧ ਖੇਤੀ ਵਿਗਿਆਨੀ ਅਤੇ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਸਰਬਜੀਤ ਸਿੰਘ ਚਾਹਲ ਨੇ ਰੇਡੀਓਐਕਟੀਵਿਟੀ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਤੋਂ ਬਚਣ ਦੇ ਵੱਧ ਤੋਂ ਵੱਧ ਸੁਝਾਵਾਂ ਦੀ ਖੋਜ ਕਰਨ ਬਾਰੇ ਅਪੀਲ ਕੀਤੀ।
ਯੂਨੀਵਰਸਿਟੀ ਦੇ ਡੀਨ, ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਭਾਬਾ ਖੋਜ ਕੇਂਦਰ ਤੋਂ ਆਏ ਵਿਗਿਆਨੀਆਂ ਵੱਲੋਂ ਪਾਏ ਯੋਗਦਾਨ ਦੀ ਸਲ਼ਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾ ਅਧਿਆਪਕਾਂ ਲਈ ਲਾਹੇਵੰਦ ਸਾਬਿਤ ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਮਿਲਣ ਵਾਲੇ ਸਿੱਟੇ ਸਮਾਜ ਦੀ ਭਲਾਈ ਲਈ ਵਰਤੇ ਜਾਣੇ ਚਾਹੀਦੇ ਹਨ।
ਯੂਨੀਵਰਸਿਟੀ ਦੇ ਭੌਤਿਕ ਵਿਭਾਗ ਦੇ ਫਾਊਂਡਰ ਮੁਖੀ, ਪ੍ਰੋ. ਐਚ. ਐਸ. ਵਿਰਕ ਨੇ ਕੁੰਜੀਵਤ ਭਾਸ਼ਣ ਵਿਚ ਰੇਡੀਓਐਕਟੀਵਿਟੀ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ। ਵਰਕਸ਼ਾਪ ਦੇ ਡਾਇਰੈਕਟਰ ਅਤੇ ਡੀਨ ਵਿਗਿਆਨ ਪ੍ਰੋ. ਬਿਕਰਮ ਜੀਤ ਸਿੰਘ ਬਾਜਵਾ ਨੇ ਭਾਗ ਲੈਣ ਵਾਲ਼ਿਆਂ ਨੂੰ ਜੀ ਆਇਆਂ ਆਖਦਿਆਂ ਇਸ ਵਰਕਸ਼ਾਪ ਵਿਚ ਭਾਬਾ ਖੋਜ ਕੇਂਦਰ ਤੋਂ ਆਏ ਉਨ੍ਹਾਂ 7 ਵਿਗਿਆਨੀਆਂ ਬਾਰੇ ਚਾਨਣਾ ਪਾਇਆਂ ਜੋ ਇਸ ਵਰਕਸ਼ਾਪ ਵਿਚ ਵਿਸ਼ੇਸ਼ ਭਾਸ਼ਣ ਦੇ ਰਹੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media