ਲੁਧਿਆਣਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਕੋਵਿਡ-19 ਦੇ ਅਜਿਹੇ ਪਹਿਲੇ ਇਲਾਜ਼ ਲਈ ਪੰਜਾਬ ਸਰਕਾਰ ਐਸ.ਪੀ.ਐਸ ਹਸਪਤਾਲ ਲੁਧਿਆਣਾ
ਦੀ ਮੈਡੀਕਲ ਟੀਮ ਨੂੰ ਸਹਿਯੋਗ ਦੇ ਰਹੀ ਹੈ।ਜਿਸ ਨੇ ਕੁੱਝ ਦਿਨ ਪਹਿਲਾਂ ਕੋਰੋਨਾਵਾਇਰਸ ਦੇ ਪਾਜ਼ਟਿਵ ਪਾਏ ਗਏ ਲੁਧਿਆਣਾ ਦੇ ਏ.ਸੀ.ਪੀ ਅਨਿਲ ਕੋਹਲੀ ਦੀ ਪਲਾਜ਼ਮਾ ਥੈਰੇਪੀ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਖੁਲਾਸਾ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸੱਦੀ ਵੀਡਿਓ ਕਾਨਫਰੰਸ ਤੋਂ ਬਾਅਦ ਕੀਤਾ।ਪੰਜਾਬ ਪੁਲਿਸ ਦੇ ਏ.ਸੀ.ਪੀ ਦਾ ਪਰਿਵਾਰ ਜੋ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਹੈ, ਨੇ ਥੈਰੇਪੀ ਲਈ ਇਜ਼ਾਜਤ ਦੇ ਦਿੱਤੀ ਹੈ।ਜਿਸ ਲਈ ਪੰਜਾਬ ਦੀਆਂ ਸਿਹਤ ਸੇਵਾਵਾਂ ਦਾ ਡਾਇਰੈਕਟਰ ਸੰਭਾਵੀ ਪਲਾਜ਼ਮਾ ਦਾਨੀ ਨਾਲ ਤਾਲਮੇਲ ਕਰ ਰਿਹਾ ਹੈ।ਇਸ ਤੋਂ ਪਹਿਲਾ ਵੀਡਿਓ ਕਾਨਫਰੰਸਿੰਗ ਵਿੱਚ ਦੱਸਿਆ ਗਿਆ ਕਿ ਥੈਰੇਪੀ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ।ਇਸ ਥੈਰੇਪੀ ਦਾ ਪ੍ਰਬੰਧ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ.ਜੀ.ਆਈ ਦੇ ਸਾਬਕਾ ਡਾਇਰੈਕਟਰ ਡਾ.ਕੇ.ਕੇ ਤਲਵਾੜ ਵਲੋਂ ਕੀਤਾ ਜਾ ਰਿਹਾ ਹੈ।ਬੁਲਾਰੇ ਨੇ ਦੱਸਿਆ ਕਿ ਡਾ. ਤਲਵਾੜ ਦੀ ਬੇਨਤੀ `ਤੇ ਪੀ.ਜੀ.ਆਈ ਦੇ ਬਲੱਡ ਟਰਾਂਸਫਿਊਜ਼ਨ ਵਿਭਾਗ ਦੇ ਸਾਬਕਾ ਮੁਖੀ ਡਾ.ਨੀਲਮ ਮਰਵਾਹਾ ਨੇ ਪਲਾਜ਼ਮਾ ਥੈਰੇਪੀ ਲਈ ਕੋਸ਼ਿਸ਼ਾਂ ਵਿੱਚ ਅਗਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਹੈ।ਇਸੇ ਦੌਰਾਨ ਅਨਿਲ ਕੋਹਲੀ ਦੇ ਸੰਪਰਕ ਵਿੱਚ ਆਏ ਤਿੰਨ ਜਣਿਆਂ ਦੇ ਵੀ ਕੋਵਿਡ-19 ਦੇ ਟੈਸਟ ਕੀਤੇ ਗਏ।ਇਨਾਂ ਵਿੱਚ ਏ.ਸੀ.ਪੀ ਦੀ ਪਤਨੀ ਪਲਕ ਕੋਹਲੀ, ਉਸ ਦਾ ਡਰਾਈਵਰ ਸਿਪਾਹੀ ਪ੍ਰਭਜੋਤ ਸਿੰਘ (ਫਿਰੋਜ਼ਪੁਰ) ਤੇ ਅਨਿਲ ਕੋਹਲੀ ਦੀ ਸਬ ਡਵੀਜ਼ਨ ਅਧੀਨ ਪੈਂਦੇ ਖੇਤਰ ਜੋਧੇਵਾਲ ਦਾ ਸਬ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਸ਼ਾਮਲ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media