ਮਾਸਕ ਤੇ ਦਸਤਾਨੇ ਨਾ ਹੋਣ `ਤੇ ਕਰਫਿਊ ਪਾਸ ਵੀ ਰੱਦ ਹੋਵੇਗਾ – ਪੂਨਮਦੀਪ ਕੌਰ
ਪਟਿਆਲਾ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਜਰੂਰੀ
ਵਸਤਾਂ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਫ਼ਲ ਤੇ ਸਬਜ਼ੀਆਂ ਘਰ-ਘਰ ਪਹੁੰਚਾਉਣ ਲਈ ਜਾਰੀ ਕੀਤੇ ਗਏ ਪਾਸ ਦੀ ਦੁਰਵਰਤੋਂ ਰੋਕਣ ਲਈ ਨਗਰ ਨਿਗਮ ਦੀਆਂ ਟੀਮਾਂ ਨੇ ਫ਼ਲ ਤੇ ਸਬਜ਼ੀ ਵਿਕਰੇਤਾਵਾਂ ਦਾ ਅਚਨਚੇਤ ਨਿਰੀਖਣ ਕੀਤਾ।ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ 70 ਦੇ ਕਰੀਬ ਰੇਹੜੀ/ ਥ੍ਰੀਵੀਲ੍ਹਰ ਵਾਲਿਆਂ ਕੋਲ ਕਰਫਿਊ ਪਾਸ ਨਾ ਹੋਣ ਕਾਰਨ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ ਅਤੇ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇੱਕ ਜਗ੍ਹਾ ਖੜ੍ਹ ਕੇ ਫ਼ਲਾਂ ਤੇ ਸਬਜ਼ੀਆਂ ਦੀ ਵਿਕਰੀ ਕਰਨ ਵਾਲਿਆਂ ਦੇ ਪਾਸ ਰੱਦ ਕੀਤੇ ਜਾਣਗੇ।ਇਸ ਤੋਂ ਬਿਨ੍ਹਾਂ ਆਪਣੇ ਨਿਰਧਾਰਤ ਖੇਤਰ ਤੋਂ ਬਾਹਰ ਜਾ ਕੇ ਅਤੇ ਕਿਸੇ ਹੋਰ ਦੇ ਪਾਸ `ਤੇ ਵੀ ਵਿਕਰੀ ਕਰਨ ਵਾਲਿਆਂ ਵਿਰੁੱਧ ਵੀ ਸਖ਼ਤੀ ਵਰਤੀ ਜਾਵੇਗੀ।ਉਨ੍ਹਾਂ ਹੋਰ ਦੱਸਿਆ ਕਿ ਇਸ ਦੌਰਾਨ ਰੇਹੜੀਆਂ ਤੇ ਥ੍ਰੀਵੀਲ੍ਹਰਾਂ `ਤੇ ਸਬਜ਼ੀਆਂ ਤੇ ਫ਼ਲ ਵੇਚ ਰਹੇ ਵੈਂਡਰਾਂ ਦੀ ਸਿਹਤ ਜਾਂਚ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ।
Punjab Post Daily Online Newspaper & Print Media