ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗੇ ਸੈਂਕੜੇ ਲੋਕ ਪੱਖੀ ਗੀਤ ਲਿਖਣ ਤੇ ਸੁਮੱਚਾ
ਜੀਵਨ ਕਿਰਤੀ ਕਾਮਿਆਂ ਦੀ ਹੋਣੀ ਨੂੰ ਬਦਲਣ ਲਈ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਦਾ ਜਨਮ ਦਿਨ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕੋਵਿਡ 19 ਦੇ ਕਾਰਨ ਇਕੱਠ ਨਾ ਕਰਨ ਦੀਆਂ ਹਦਾਇਤਾਂ ਤਹਿਤ ਆਪਣੇ ਬੱਚਿਆਂ ਬੇਟੀ ਅਰਵਿੰਦ ਤੇ ਬੇਟੇ ਹਰਮਨ ਸਿੰਘ ਨਾਲ ਆਪਣੀ ਰਿਹਾਇਸ਼ ਵਿਖੇ ਮਨਾਇਆ।
ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਮੇਹਰ ਸਿੰਘ ਦੇ ਘਰ ਮਾਤਾ ਧੰਨ ਕੌਰ ਦੇ ਘਰ ਹੋਇਆ ਅਤਿ ਦੀ ਗਰੀਬੀ ‘ਤੇ ਦਲਿਤ ਹੋਣ ਦਾ ਸੰਤਾਪ ਓਹ ਉਮਰ ਹੰਢਾਉਂਦੇ ਹੋਏ ਬੇਹਤਰ ਜ਼ਿੰਦਗੀ ਤੇ ਮਾਨ-ਸਨਮਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ।ਮਾਸਟਰ ਗੁਰਦਿਆਲ ਸਿੰਘ ਹੋਣਾਂ ਦੇ ਪ੍ਰਭਾਵ ਤਹਿਤ ਕਮਿਊਨਿਸਟ ਲਹਿਰ ਦੇ ਨੇੜੇ ਆਏ ਤੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਪ੍ਰੇਰਨਾ ਤੇ ਸੀ.ਪੀ.ਐਮ ਨਾਲ ਜੁੜੇ ਤੇ 1967 ਚ ਉਠੀ ਨਕਸਲਵਾੜੀ ਲਹਿਰ ‘ਚ 1969 ਸਰਗਰਮ ਹੋ ਗਏ।ਇਸੇ ਦੌਰਾਨ ਉਨ੍ਹਾਂ ਨੇ ਆਰਥਿਕ ਤੰਗੀਆਂ ਤੁਰਸ਼ੀਆਂ ‘ਤੇ ਨੌਕਰੀ ਤੋਂ ਵੀ ਕਈ ਵਾਰ ਸਸਪੈਂਡ ਹੋਣਾ ਪਿਆ, ਉਥੇ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸਾਹਮਣਾ ਕੀਤਾ।
ਉਨ੍ਹਾਂ ਕਿਹਾ ਅੱਜ ਜਦੋਂ ਕੋਰੋਨਾ ਸੰਕਟ ਮੌਕੇ ਕਈ ਅਖੌਤੀ ਦੇਸ਼ ਭਗਤ ਆਗੂ ਦੇਸ਼ ਭਗਤੀ ਦੀ ਦੁਹਾਈ ਪਾਉਂਦੇ ਹਨ।ਅਜਿਹੇ ਸਮੇਂ ਸੰਤ ਰਾਮ ਉਦਾਸੀ ਦੀ ਕਲਮ ਪਰਦਾਫਾਸ਼ ਕਰਦਿਆਂ ਲਿਖ ਦਿੰਦੀ ਆ “ਦੇਸ਼ ਹੈ ਪਿਆਰਾ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ।” ਅੱਜ ਜਦੋਂ ਸਰਕਾਰਾਂ ਕਿਰਤੀ ਲੋਕਾਂ ਨੂੰ ਰੱਬ ਆਸਰੇ ਛੱਡ ਮਹਿਜ਼ ਫੋਕੇ ਨਾਅਰੇ ਤੇ ਨਸੀਹਤਾਂ ਦੇ ਰਹੀਆਂ ਹਨ।ਅਜਿਹੇ ਮਾਹੌਲ ‘ਤੇ ਉਦਾਸੀ ਦੀ ਕਲਮ ਲਲਕਾਰਦੀ ਆ “ਉਚੀ ਕਰ ਬਾਂਹ ਮਜ਼ਦੂਰ ਨੇ ਕਹਿਣਾ ਹਿੱਸਾ ਦੇਸ਼ ਦੀ ਆਜ਼ਾਦੀ ‘ਚ ਅਸੀਂ ਵੀ ਆ ਲੈਣਾ।ਹੁਣ ਜਦੋਂ ਸੂਰਤ, ਬਾਦਰਾ ਲੁਧਿਆਣਾ ਆਦਿ ਥਾਵਾਂ ‘ਤੇ ਮਜ਼ਦੂਰਾਂ ਤੇ ਜ਼ਬਰ ਹੋ ਰਿਹਾ।ਰਾਜ ਸੱਤਾ ਦੇ ਘਿਨਾਉਣੇ ਕਿਰਦਾਰ ਬਾਰੇ ਉਦਾਸੀ ਨੇ ਲਿਖਿਆ ਕਿ” ਗੱਲ ਰੋਟੀਆਂ ਦੀ ਜਦੋਂ ਵੀ ਚਲਾਈਏ ਖਾਣ ਨੂੰ ਬਾਰੂਦ ਮਿਲਦਾ ਲੋਕ ਵੇ “ਉਨ੍ਹਾਂ ਰਹਿੰਦੀ ਜਿੰਦਗੀ ਵੀ ਲੋਕ ਸੰਘਰਸ਼ਾਂ ਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਲੇਖੇ ਲਾਉਣ ਦਾ ਅਹਿਦ ਲਿਆ। ਇਸ ਮੌਕੇ ਬੱਚਿਆਂ ਨੇ ਮਿਲ ਕੇ ਸੰਤ ਰਾਮ ਉਦਾਸੀ ਦੇ ਲਿਖੇ ਗੀਤ ਤੇ ਕਵਿਤਾਵਾਂ ਵੀ ਗਾਈਆਂ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media