ਸਿਹਤ ਵਿਭਾਗ ਦੇ ਸਟਾਫ਼ ਨੇ ਗੁਲਦਸਤੇ ਤੇ ਮਿਠਾਈ ਨਾਲ ਕੀਤਾ ਘਰ ਵਿਦਾ
ਸੰਗਰੂਰ, 24 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਵਾਇਰਸ ਦੇ ਪਾਜ਼ਟਿਵ ਪਾਏ 
ਗਏ ਪਹਿਲੇ ਮਰੀਜ਼ ਅਮਰਜੀਤ ਸਿੰਘ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਲਈ ਹੈ।ਅਮਰਜੀਤ ਸਿੰਘ ਨੂੰ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਹੋਰ ਟੀਮ ਵਲੋਂ ਗੁਲਦਸਤਾ ਤੇ ਮਿਠਾਈ ਦਾ ਡੱਬਾ ਭੇਟ ਕਰਕੇ ਭਵਿੱਖ ਲਈ ਸ਼ੁਭਕਾਮਨਾ ਦਿੰਦਿਆਂ ਘਰ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿਖੇ ਬੀਤੀ 9 ਅਪ੍ਰੈਲ ਤੋਂ ਇਲਾਜ ਕਰਵਾ ਰਹੇ ਅਮਰਜੀਤ ਸਿੰਘ ਵੀ ਜਾਣ ਮੌਕੇ ਖੁਸ਼ ਨਜ਼ਰ ਆਏ।
ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਨਾਮੁਰਾਦ ਬਿਮਾਰੀ ਹੈ ਜਿਸ ਤੋਂ ਬਚਾਓ ਦੇ ਤਰੀਕਿਆਂ ਨੂੰ ਵਿਅਕਤੀਗਤ ਪੱਧਰ `ਤੇ ਅਮਲ ਵਿੱਚ ਲਿਆਂਦੇ ਜਾਣ ਦੀ ਲੋੜ ਹੈ।ਵਧੀਆ ਸਿਹਤ ਸੇਵਾਵਾਂ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਤਹਿ ਦਿਲੋਂ ਧੰਨਵਾਦੀ ਹਨ।ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਹੈ ਅਤੇ ਲੋਕ ਸਿਰਫ਼ ਐਮਰਜੈਂਸੀ ਹਾਲਤਾਂ ਵਿੱਚ ਹੀ ਘਰੋਂ ਬਾਹਰ ਨਿਕਲਣ।
ਜ਼ਿਕਰਯੋਗ ਹੈ ਕਿ 60 ਸਾਲਾਂ ਦੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਵਸਨੀਕ ਹਨ ਅਤੇ ਉਹ ਦਿੱਲੀ ਤੋਂ ਸਾਹਨੇਵਾਲ ਤੱ ਆਈ ਇੱਕ ਕੋਵਿਡ ਪਾਜ਼ੀਟਿਵ ਪਾਈ ਗਈ ਸਵਾਰੀ ਦੇ ਨਾਲ ਬੈਠੇ ਸਨ।ਇਨਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ।
ਅਮਰਜੀਤ ਸਿੰਘ ਦੇ ਟੈਸਟ ਨੈਗੇਟਿਵ ਆਉਣ ਮਗਰੋਂ ਜ਼ਿਲਾ ਸੰਗਰੂਰ ਵਿਖੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਗਿਣਤੀ 2 `ਤੇ ਆ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਅਮਰਜੀਤ ਸਿੰਘ ਦਾ ਇਲਾਜ ਸਫ਼ਲ ਹੋਣਾ ਪੰਜਾਬ ਦੀ ਕੋਵਿਡ-19 ਵਿਰੁੱਧ ਜੰਗ ਲਈ ਆਸ ਦੀ ਵੱਡੀ ਕਿਰਨ ਹੈ।ਦਹਿਲੀਜ਼ ਕਲਾਂ ਦੇ ਪਾਜ਼ਟਿਵ ਪਾਏ ਗਏ ਨਾਗਰਿਕ ਦਾ ਪਹਿਲਾ ਟੈਸਟ ਨੈਗੇਟਿਵ ਆ ਗਿਆ ਹੈ ਅਤੇ ਦੂਜਾ ਟੈਸਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਵੀ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
Punjab Post Daily Online Newspaper & Print Media