Wednesday, April 29, 2026

ਪੰਜ ਤੱਤਾਂ ‘ਚ ਵਿਲੀਨ ਹੋਏ ਸ਼ਹੀਦ ਨਾਇਕ ਰਾਜੇਸ਼ ਕੁਮਾਰ- ਰਾਸ਼ਟਰੀ ਸਨਮਾਨ ਨਾਲ ਕੀਤਾ ਸਸਕਾਰ

ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਏ ਸਨ ਸ਼ਹੀਦ

ਭੀਖੀ/ਮਾਨਸਾ, 6 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜੰਮੂ-ਕਸ਼ਮੀਰ ਦੇ ਹੰਦਵਾੜਾ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਮਾਨਸਾ PPNJ0605202001

ਜ਼ਿਲ੍ਹੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਵਸਨੀਕ ਨਾਇਕ ਰਾਜੇਸ਼ ਕੁਮਾਰ (28 ਸਾਲ) ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ।ਜਿਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਵਿਖੇ ਰਾਜਰਾਣਾ ਵਿਖੇ ਰਾਸ਼ਟਰੀ ਸਨਮਾਨ ਨਾਲ ਸਲਾਮੀ ਦੇ ਕੇ ਕੀਤਾ ਗਿਆ।ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਸ਼ਹੀਦ ਨਾਇਕ ਰਾਜੇਸ਼ ਕੁਮਾਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
           ਸ਼ਹੀਦ ਨਾਇਕ ਰਾਜੇਸ਼ ਕੁਮਾਰ ਨੂੰ ਅੰਤਿਮ ਸਸਕਾਰ ਲਈ ਲੈ ਕੇ ਜਾਣ ਮੌਕੇ ਪਿੰਡ ਵਾਸੀਆਂ ਵਲੋਂ ਨਮ ਅੱਖਾਂ ਨਾਲ ਸੜਕਾਂ ਦੇ ਕਿਨਾਰਿਆਂ `ਤੇ ਖੜ੍ਹੇ ਹੋ ਕੇ ਫੁੱਲਾਂ ਦੀ ਵਰਖਾ ਨਾਲ ਆਪਣੀ ਸਰਧਾਂਜਲੀ ਭੇਟ ਕੀਤੀ ਅਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ।
            ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਰਾਜੇਸ਼ ਕੁਮਾਰ ਦੀ ਸ਼ਹਾਦਤ `ਤੇ ਮਾਣ ਹੈ।ਰਾਜੇਸ਼ ਕੁਮਾਰ ਫੌਜ ਦੀ ਰਾਸ਼ਟਰੀ ਰਾਇਫਲਜ਼ ਵਿੱਚ ਮਾਰਚ 2010 ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਉਹ ਜੰਮੂ-ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
          ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਥਰੀ ਗਾਰਡ ਰੈਜੀਮੈਂਟ ਵਿੱਚ ਤਾਇਨਾਤ ਸ਼ਹੀਦ ਨਾਇਕ ਰਾਜੇਸ਼ ਕੁਮਾਰ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, 2 ਭਾਈ ਅਤੇ 2 ਭੈਣਾਂ ਨੂੰ ਛੱਡ ਗਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਇਸ ਸੱਚੇ ਸਪੂਤ ਅਤੇ ਉਸ ਦੇ ਪਰਿਵਾਰ ਲਈ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।
             ਕੋਵਿਡ-19 ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁੱਝ ਪ੍ਰਮੁੱਖ ਸਖ਼ਸ਼ੀਅਤਾਂ ਦੇ ਸਾਹਮਣੇ ਹੀ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਸਮਾਜਿਕ ਦੂਰੀ ਦਾ ਵੀ ਖਾਸ ਧਿਆਨ ਰੱਖਿਆ ਗਿਆ।
            ਐਸ.ਐਸ.ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਹਰ ਸਮੇਂ ਤਿਆਰ ਹੈ।
            ਇਸ ਮੌਕੇ ਮੈਂਬਰ ਲੋਕ ਸਭਾ ਹਲਕਾ ਸੰਗਰੂਰ ਭਗਵੰਤ ਮਾਨ, ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸਾਹੀਆ, ਹਲਕਾ ਵਿਧਾਇਕ ਮੋੜ ਜਗਦੇਵ ਸਿੰਘ ਕਮਾਲੂ, ਐਸ.ਐਸ.ਪੀ ਡਾ. ਨਰਿੰਦਰ ਭਾਰਗਵ, ਐਸ.ਡੀ.ਐਮ ਸਰਦੂਲਗੜ੍ਹ ਰਾਜਪਾਲ ਸਿੰਘ, ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਕਰਮ ਸਿੰਘ ਮੋਫਰ, ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ, ਮੇਜਰ ਜਨਰਲ ਐਸ.ਪੀ ਮਹਿਤਾ ਜੀ.ਓ.ਸੀ 81 ਸਬ ਏਰੀਆ, ਕਮਾਂਡਿੰਗ ਅਫ਼ਸਰ ਏਅਰ ਡਿਫੈਂਸ ਰੈਜੀਮੈਂਟ ਅਤੇ ਉਨ੍ਹਾਂ ਦੀ ਟੀਮ, ਸੂਬੇਦਾਰ ਮੇਜਰ ਰਾਮ ਨਿਵਾਸ 3 ਗਾਰਡਜ਼, ਨਾਇਬ ਸੂਬੇਦਾਰ ਕੁਲਦੀਪ 21 ਰਾਸ਼ਟਰੀ ਰਾਇਫਲ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਐਮ.ਐਸ ਰੰਧਾਵਾ ਅਤੇ ਵਾਈਸ ਪ੍ਰਧਾਨ ਬੀ.ਸੀ. ਸੈਲ ਸਤਪਾਲ ਵਰਮਾ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਸ਼ਾਮਿਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …