532 ਕਿਲੋ ਅਟਾਰੀ ਡਰੱਗ ਮਾਮਲੇ ‘ਚ ਦੋਸ਼ੀ ਦੇ ਜੇਲ੍ਹ ਚ ਬੰਦ ਕਈ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸੰਪਰਕ
ਚੰਡੀਗੜ੍ਹ, 13 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੇ ਨਾਰਕੋ ਗੈਂਗਸਟਰ ਮੌਡਿਊਲ ਦਾ ਪਰਦਾਫਾਸ਼
ਕੀਤਾ ਹੈ, ਜਿਸ ਦੀ 532 ਕਿਲੋ ਅਟਾਰੀ ਡਰੱਗ ਮਾਮਲੇ ਵਿੱਚ ਭਾਲ ਸੀ।
ਡੀ.ਜੀ.ਪੀ ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀਆਂ ਕੋਲੋਂ 6 ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ ਅਤੇ ਉਨ੍ਹਾਂ ਖਿਲਾਫ਼ ਥਾਣਾ ਭਿੱਖੀਵਿੰਡ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 27, ਆਰਮਜ਼ ਐਕਟ ਦੀ ਧਾਰਾ 25, 54, 59, ਆਈ.ਪੀ.ਸੀ 188, 269, 270, 506 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਬੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਗੁਪਤਾ ਨੇ ਦੱਸਿਆ ਕਿ ਡੀ.ਐਸ.ਪੀ/ਡਿਟੈਕਟਿਵ ਅਤੇ ਇੰਚਾਰਜ ਸੀ.ਆਈ.ਏ ਤਰਨ ਤਾਰਨ ਦੀ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਭਿੱਖੀਵਿੰਡ, ਥਾਣਾ ਭਿੱਖੀਵਿੰਡ, ਸੁਖਦੇਵ ਸਿੰਘ ਪੁੱਤਰ ਲਖਵੀਰ ਸਿੰਘ, ਨਿਵਾਸੀ ਪਿੰਡ ਜੀਓਨਕੇ, ਥਾਣਾ ਹਰੀਕੇ ਅਤੇ ਸਰਬਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਪਿੰਡ ਵਾੜਾ, ਥਾਣਾ ਭਿੱਖੀਵਿੰਡ ਤੋਂ ਗ੍ਰਿਫ਼ਤਾਰ ਕੀਤੇ ਹਨ।ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 12 ਬੋਰ ਦੀ ਦੁਨਾਲੀ ਰਾਈਫਲ, ਇੱਕ 32 ਬੋਰ ਦੀ ਬੈਰੇਟਾ ਪਿਸਤੌਲ, ਦੋ 32 ਬੋਰ ਪਿਸਤੌਲ, ਇੱਕ 12 ਬੋਰ ਦੀ ਪਿਸਤੌਲ ਅਤੇ ਇੱਕ 315 ਬੋਰ ਪਿਸਤੌਲ ਸਮੇਤ 315 ਬੋਰ ਦੇ 2 ਜ਼ਿੰਦਾ ਕਾਰਤੂਸ ਅਤੇ 32 ਬੋਰ ਦੇ 2 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਡੀ.ਜੀ.ਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪੁਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਸ਼ੁਭਮ ਨਾਲ ਸਿੱਧੇ ਸੰਪਰਕ ਵਿੱਚ ਸੀ, ਉਹ ਬਟਾਲਾ ਦਾ ਇੱਕ ਗੈਂਗਸਟਰ ਸੀ ਅਤੇ 2018 ਵਿਚ ਅੰਮ੍ਰਿਤਸਰ ਵਿਚ ਇੱਕ ਗਹਿਣਿਆਂ ਦੀ ਦੁਕਾਨ ਤੋਂ 7 ਕਰੋੜ ਰੁਪਏ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ।ਉਸ ਨੂੰ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਬੰਦ ਹੈ।
ਡੀ.ਜੀ.ਪੀ ਨੇ ਅੱਗੇ ਦੱਸਿਆ ਕਿ ਐਸ.ਐਸ.ਪੀ ਧਰੁਵ ਧਈਆ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ ‘ਤੇ ਗਿਰੋਹ ਦੇ ਤਿੰਨ ਹੋਰ ਸਾਥੀ, ਸਾਰੇ ਵਾਸੀ ਫਿਰੋਜ਼ਪੁਰ ਦੀ ਪਛਾਣ ਕੀਤੀ ਗਈ ਹੈ।ਉਹ ਤਰਨਤਾਰਨ ਦੇ ਹਰੀਕੇ, ਪੱਟੀ ਅਤੇ ਭਿੱਖੀਵਿੰਡ ਖੇਤਰਾਂ ਵਿੱਚ ਹਥਿਆਰਾਂ ਦੀ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਪਾਏ ਗਏ। ਉਹਨਾਂ ਦੱਸਿਆ ਕਿ ਸ਼ੁਭਮ ਦੇ ਅਹਿਮ ਸਾਥੀ ਵਜੋਂ ਥਾਣਾ ਆਰਿਫਕੇ, ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਕਟੌਰਾ ਦੇ ਸੂਰੀਆ ਦੀ ਪਛਾਣ ਕੀਤੀ ਗਈ ਜੋ ਕਿ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਨਾਲ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸੀ।
ਉਨਾਂ ਕਿਹਾ ਕਿ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਉਰਫ਼ ਬੱਬੂ ਪੁੱਤਰ ਹਰਭਜਨ ਸਿੰਘ ਵਾਸੀ ਹਵੇਲੀਆਂ, ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ ਦੇ ਨਾਲ ਸਿੱਧਾ ਸੰਪਰਕ ਵਿੱਚ ਸੀ ਜੋ ਰਣਜੀਤ ਰਾਣਾ ਦਾ ਭਰਾ ਹੈ, ਜੋ ਕਿ 532 ਕਿਲੋ ਹੈਰੋਇਨ ਅਟਾਰੀ ਨਸ਼ਾ ਕੇਸ ਦਾ ਮੁੱਖ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਪਤਾ ਨੇ ਕਿਹਾ ਕਿ ਕੁਲਦੀਪ ਸਿੰਘ, ਐਨ.ਡੀ.ਪੀ.ਐਸ ਐਕਟ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਹੈ, ਜਿਸ ਵਿੱਚ ਐਸ.ਐਸ.ਓ.ਸੀ ਅੰਮ੍ਰਿਤਸਰ ਵਲੋਂ 2014 ਵਿੱਚ ਦਰਜ਼ ਕੀਤਾ ਗਿਆ 22 ਕਿਲੋ ਹੈਰੋਇਨ ਦਾ ਕੇਸ ਵੀ ਸ਼ਾਮਲ ਹੈ, ਮੌਜੂਦਾ ਸਮੇਂ ਵਿੱਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ।ਉਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਲਿੰਕ ਸਰਬਜੀਤ ਸਿੰਘ ਉਰਫ ਸਾਬਾ ਪੁਤਰ ਸੁਖਦੇਵ ਸਿੰਘ ਵਾਸੀ ਲਾਹੌਰ ਚੌਕ ਥਾਣਾ ਸਿਟੀ ਪੱਟੀ ਤਰਨ ਤਾਰਨ, ਜੋ ਕਿ 13 ਕਿਲੋ ਹੈਰੋਇਨ ਦੇ ਇੱਕ ਕੇਸ ਵਿੱਚ ਦੋਸ਼ੀ ਹੈ ਅਤੇ ਹੁਣ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ ਨਾਲ ਮਿਲੇ ਹਨ।ਗੁਰਪ੍ਰੀਤ ਸਿੰਘ ਉਪਰੋਕਤ ਤਸਕਰਾਂ ਤੋਂ ਵਾਰ ਵਾਰ ਵਪਾਰਕ ਪੈਮਾਨੇ ਦੀ ਹੈਰੋਇਨ ਦੀ ਖੇਪ ਖਰੀਦਦਾ ਰਿਹਾ ਹੈ।
ਗੁਪਤਾ ਨੇ ਕਿਹਾ ਕਿ 22 ਮਾਰਚ ਨੂੰ ਕਰਫਿਊ ਲਾਗੂ ਕਰਨ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਤੋਂ 15.802 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।ਜ਼ਿਲ੍ਹਾ ਪੁਲਿਸ ਵਲੋਂ 12 ਨਸ਼ਾ ਤਸਕਰਾਂ ਦੀ ਲਗਭਗ 6.22 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ।
Punjab Post Daily Online Newspaper & Print Media