ਭਾਈ ਮਹਿਤਾ ਨੇ ਆਪਣੀ ਬੇਟੀ ਵੱਲੋਂ 21 ਹਜ਼ਾਰ ਰੁਪਏ ਸੇਵਾ ਲਈ ਦਿੱਤੇ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਖ਼ਾਲਸਾ ਪ੍ਰਚਾਰਕ ਜਥਾ ਯੂ.ਕੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਗੁਰੂ ਰਾਮਦਾਸ ਜੀ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ।ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਰਾਹੀਂ ਇਸ ਰਾਸ਼ੀ ਦਾ ਚੈਕ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੂੰ ਸੌਂਪਿਆ।ਡਾ. ਰੂਪ ਸਿੰਘ ਨੇ ਭਾਈ ਗੁਲਸ਼ਨ ਤੇ ਪ੍ਰਚਾਰਕ ਜਥੇ ਦੇ ਮੈਂਬਰਾਂ ਦਾ ਮਾਇਆ ਭੇਜਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਕਥਾ ਰਾਹੀਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਗੁਰਮਤਿ ਨਾਲ ਜੋੜ ਰਹੇ ਹਨ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਮੀਤ ਸਕੱਤਰ ਹਰਜਿੰਦਰ ਸਿੰਘ ਕੈਰੋਂਵਾਲ ਅਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਮੌਜੂਦ ਸਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਵੀ ਆਪਣੀ ਬੇਟੀ ਮਨਪ੍ਰੀਤ ਕੌਰ ਵੱਲੋਂ 21 ਹਜ਼ਾਰ ਰੁਪਏ ਦੀ ਰਾਸ਼ੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਭੇਟ ਕੀਤੀ।ਉਨ੍ਹਾਂ ਨੇ ਇਸ ਰਾਸ਼ੀ ਦਾ ਚੈਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਿਆ।
Punjab Post Daily Online Newspaper & Print Media