ਮਹਾਰਾਜੇ ਦੇ ਗ੍ਰੈਂਡ ਭਤੀਜੇ ਪਰਿਵਾਰ ਨੇ ਕੀਤੀ ਪ੍ਰਸ਼ੰਸ਼ਾ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਦੀ ਨੌਜਵਾਨੀ ਨੂੰ ਉਨਾਂ ਦੇ ਵਿਰਸੇ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਕੁੱਝ ਰਾਹ ਦਸੇਰਿਆਂ ਨੇ ਇੱਕੋ 
ਇੱਕ ਸਿੱਖ ਸ਼ਾਸ਼ਕ ਤੇ ਗੁਰੂ ਘਰ ਦੇ ਸੱਚੇ-ਸੁਚੇ ਅਨਿਨ ਸੇਵਕ ਤੇ ਸ਼ਰਧਾਲੂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਇੱਕ ਪਿੰਡ ਵਿੱਚ ਸਥਾਪਿਤ ਕਰਕੇ ਇੱਕ ਵਿਲੱਖਣ ਮਿਸਾਲ ਪੈਦਾ ਕੀਤੀ ਹੈ।
ਦੱਸਣਯੋਗ ਹੈ ਕਿ ਅਕਸਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਜ਼ਿਆਦਾਤਰ ਲੋਕਾਂ ਵੱਲੋਂ ਆਪਣੇ ਪਿਤਾ ਪੁਰਖੀ ਤੇ ਹੋਰਨਾਂ ਦੁਨਿਆਵੀ ਗੁਰੂਆਂ ਦੀਆਂ ਯਾਦਗਾਰਾਂ ਹੀ ਸਥਾਪਤ ਕੀਤੀਆਂ ਵੇਖਣ ਨੂੰ ਮਿਲਦੀਆਂ ਹਨ।ਪਰ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਹੋ ਰਹੇ ਇੰਨ੍ਹਾਂ ਰਾਹ ਦਸੇਰਿਆਂ ਦੇ ਉਪਰਾਲਿਆਂ ਦੀ ਚੁਫੇਰਿਓੁਂ ਪ੍ਰਸ਼ੰਸ਼ਾ ਹੋ ਰਹੀ ਹੈ। ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਨਾਹਰ ਵਿਖੇ ਸਥਾਪਤ ਕੀਤੇ ਜਾ ਰਹੇ ਇਸ ਦਿਲਕਸ਼ ਅੰਦਾਜ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕਾਰਜਾਂ ਦੀਆਂ ਅੰਤਿਮ ਛੋਹਾਂ ਸ਼ਿਖਰਾਂ ਤੇ ਹਨ।
ਪਿੰਡ ਤਲਵੰਡੀ ਨਾਹਰ ਦੇ ਬਾਸ਼ਿੰਦੇ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਗਿੱਲ, ਭਾਗ ਸਿੰਘ ਵਿਰਕ, ਕੁਲਵੰਤ ਸਿੰਘ, ਗੁਰਮੇਜ਼ ਸਿੰਘ ਰੰਧਾਵਾ ਤੇ ਉਘੇ ਗੀਤਕਾਰ ਤੇ ਚਿੰਤਕ ਲਵਰਾਜ ਸਿੰਘ ਰੰਧਾਵਾ ਤੇ ਹੋਰਨਾਂ ਦੇ ਸਾਂਝੇ ਯਤਨਾਂ ਸਦਕਾ ਹਜ਼ਾਰਾਂ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜਿੱਥੇ ਅਜੌਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਸਿਆਸਤ ਤੇ ਰਿਆਸਤ ਦੀ ਜਾਣਕਾਰੀ ਦੇਵੇਗਾ।ਉੱਥੇ ਮਹਾਰਾਜੇ ਰਣਜੀਤ ਸਿੰਘ ਦੀਆਂ ਲਾਸਾਨੀ ਪ੍ਰਾਪਤੀਆਂ ਦੀ ਬਾਤ ਵੀ ਪਾਵੇਗਾ।ਇੱਥੇ ਹੀ ਬਸ ਨਹੀਂ ਕਾਬਲ ਕੰਧਾਰ ਤੋਂ ਲੈ ਕੇ ਜਮਨਾ ਪਾਰ ਤੱਕ ਸਿੱਖ ਰਾਜ ਦੀ ਸਥਾਪਨਾ ਤੇ ਉਸ ਸਮੇਂ ਦੇ ਵੱਖ-ਵੱਖ ਧਾੜਵੀਆਂ ਦੇ ਲਈ ਡਰ ਤੇ ਖੌਫ ਦੇ ਪ੍ਰਤੀਕ ਬਣੇ ਮਹਾਰਾਜੇ ਦੀ ਜੀਵਨ ਸ਼ੈਲੀ ਤੇ ਇਤਿਹਾਸ ਦੀ ਝਲਕ ਵੀ ਨਜ਼ਰ ਆਵੇਗੀ ਤੇ ਨਾਲ ਹੀ ਮਹਾਰਾਜੇ ਦੇ ਜਾਣ ਤੇ ਲਾਹੌਰ (ਪਾਕਿਸਤਾਨ) ਖੁਸ ਜਾਣ ਦੀ ਘਾਟ ਦੀ ਸਮੀਖਿਆ ਹੋਵੇਗੀ।
ਸਾਬਕਾ ਸਰਪੰਚ ਭੁਪਿੰਦਰ ਸਿੰਘ ਗਿੱਲ, ਭਾਗ ਸਿੰਘ ਵਿਰਕ, ਕੁਲਵੰਤ ਸਿੰਘ, ਗੁਰਮੇਜ਼ ਸਿੰਘ ਰੰਧਾਵਾ, ਲਵਰਾਜ ਸਿੰਘ ਰੰਧਾਵਾ ਦੇ ਇੰਨ੍ਹਾਂ ਵਿਲੱਖਣ ਕਾਰਜਾਂ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਰੂਪ ਕੌਰ ਦੇ ਪੁਸ਼ਤੈਨੀ ਗ੍ਰੇਟ ਗ੍ਰੈਂਡ ਭਤੀਜੇ ਮੇਜ਼ਰ ਮਹਿੰਦਰ ਸਿੰਘ ਸਰਕਾਰੀਆ ਦੇ ਪਰਿਵਾਰ ਵੱਲੋਂ ਬੇਮਿਸਾਲ ਸ਼ਬਦਾਂ ਵਿੱਚ ਪ੍ਰਸ਼ੰਸ਼ਾ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮੇਜਰ ਮਹਿੰਦਰ ਸਿੰਘ ਸਰਕਾਰੀਆ ਦੀ ਬੇਟੀ ਪਵਨ ਬ੍ਰਿਜ਼ ਕੌਰ ਸਰਕਾਰੀਆ ਨੇ ਤਲਵੰਡੀ ਨਾਹਰ ਵਿਖੇ ਸਥਾਪਿਤ ਕੀਤੇ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕਾਰਜਾਂ ਨੂੰ ਲੈ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੈ।ਇਸ ਲਈ ਸਾਡੇ ਵਾਸਤੇ ਬੜੇ ਫਖਰ ਤੇ ਮਾਣ ਵਾਲੀ ਗੱਲ ਹੈ।ਉਨ੍ਹਾਂ ਦਿਲੀ ਇੱਛਾ ਜਾਹਰ ਕੀਤੀ ਕਿ ਇਸ ਬੁੱਤ ਦੇ ਪਰਦਾ ਹਟਾਏ ਜਾਣ ਤੇ ਸ਼ੁਭਆਰੰਭ ਰਸਮਾਂ ਵਿੱਚ ਸ਼ਾਮਲ ਹੋ ਕੇ ਸਿਰ ਤੋੜ ਯਤਨ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਮਹਾਰਾਜਾ ਤੇ ਉਨ੍ਹਾਂ ਦੇ ਜਰਨੈਲਾਂ ਦੇ ਬੁੱਤ ਸਰਕਾਰੀ ਪੱਧਰ ‘ਤੇ ਹੀ ਸਥਾਪਿਤ ਕੀਤੇ ਗਏ ਹਨ।ਪਰ ਗੈਰ ਸਰਕਾਰੀ ਪੱਧਰ ‘ਤੇ ਸ਼ਾਇਦ ਇਹ ਪਹਿਲਾ ਉਪਰਾਲਾ ਹੈ।
Punjab Post Daily Online Newspaper & Print Media