ਫ਼ਰੀਦਕੋਟ, 23 ਮਈ (ਪੰਜਾਬ ਪੋਸਟ ਬਿਊਰੋ) – ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ 16 ਕਰੋਨਾ ਮਰੀਜ਼ਾਂ ਵਿੱਚੋਂ 6

ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ।ਇਹ ਲੋਕ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਅਤੇ ਰਾਜਸਥਾਨ ਤੋਂ ਪਰਤੀ ਲੇਬਰ ਨਾਲ ਸਬੰਧਤ ਹਨ।ਜਿਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਮਗਰੋਂ ਉਨ੍ਹਾਂ ਨੂੰ ਇਥੋਂ ਦੀ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 45 ਲੋਕਾਂ ਨੂੰ ਇਥੋਂ ਪਹਿਲਾਂ ਹੀ ਠੀਕ ਹੋਣ ਉਪਰੰਤ ਘਰ ਭੇਜਿਆ ਜਾ ਚੁੱਕਾ ਹੈ।
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਆਈਸੋਲੇਸ਼ਨ ਵਾਰਡ ਵਿਚੋਂ ਇਨ੍ਹਾਂ ਲੋਕਾਂ ਨੂੰ ਘਰ ਭੇਜਣ ਸਮੇਂ ਡਾ. ਕਿਰਨ ਨੋਡਲ ਅਫਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਡਾ. ਅਨੀਤਾ ਮੈਡੀਸਨ, ਡਾ. ਅਨੀਤਾ ਵਿਸਲ ਹਸਪਤਾਲ ਫਰੀਦਕੋਟ ਹਾਜ਼ਰ ਸਨ।ਉਨ੍ਹਾਂ ਇਨ੍ਹਾਂ ਨੂੰ ਘਰ ਜਾਣ ਸਮੇਂ ਸ੍ਰੀ ਗੁਟਕਾ ਸਾਹਿਬ ਭੇਟ ਕੀਤੇ ਅਤੇ ਇਨ੍ਹਾਂ ਲੋਕਾਂ ਦੀ ਸਿਹਤਯਾਬੀ ਲਈ ਸ਼ੁਭ ਇਛਾਵਾਂ ਦਿੱਤੀਆਂ ਤੇ ਇਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਵਿਸੇਸ਼ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਤੱਕ ਭੇਜਿਆ ਗਿਆ ।
ਡਾ. ਅਨੀਤਾ ਨੋਡਲ ਅਫਸਰ ਕਰੋਨਾ 19 ਨੇ ਦੱਸਿਆ ਕਿ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚ ਜ਼ਿਲ੍ਹੇ ਨਾਲ ਸਬੰਧਤ ਕੁੱਲ 16 ਕਰੋਨਾ ਪਾਜ਼ਟਿਵ ਮਰੀਜ਼ ਸਨ, ਜਿਨ੍ਹਾਂ ਵਿੱਚੋਂ ਅੱਜ 6 ਮਰੀਜ਼ਾਂ ਨੂੰ ਸਿਹਤਯਾਬ ਹੋਣ ਅਤੇ ਇਨ੍ਹਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਮਗਰੋਂ ਛੁੱਟੀ ਦਿੱਤੀ ਗਈ ਹੈ ਅਤੇ ਹੁਣ 10 ਐਕਟਿਵ ਮਰੀਜ਼ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਰਹਿ ਗਏ ਹਨ।
ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਜੋਸ਼ੀ ਨੇ ਦੱਸਿਆ ਕਿ ਹਸਪਤਾਲ ਤੋਂ ਘਰ ਭੇਜੇ ਗਏ ਵਿਅਕਤੀ ਦੇ ਮੋਬਾਈਲ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ।
ਇਸ ਮੌਕੇ ਸ੍ਰੀਮਤੀ ਮਨਜੀਤ ਕੌਰ, ਕੁਲਬੀਰ, ਸ੍ਰੀਮਤੀ ਸੁਰਜੀਤ ਕੌਰ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਵੀ ਹਾਜ਼ਰ ਸੀ।
Punjab Post Daily Online Newspaper & Print Media