Sunday, April 26, 2026

ਦੂਜੀ ਧਿਰ ਦੀ ਹਮਾਇਤ ਕਰਨ ਦੇ ਦੋਸ਼ਾਂ ਤਹਿਤ ਵਿਧਾਇਕ ਧੀਮਾਨ ਦਾ ਸਾੜਿਆ ਪੁਤਲਾ

ਮਾਮਲਾ ਪੰਚਾਇਤੀ ਜ਼ਮੀਨ ਦੀ ਬੋਲੀ ਦਾ

ਲੌਂਗੋਵਾਲ, 25 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਤੋਲੇਵਾਲ ਵਿਖੇ ਦਲਿਤ ਭਾਈਚਾਰੇ ਵਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਅਚਾਨਕ ਰੱਦ ਕਰਨ ਖਿਲਾਫ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
              ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂ ਬਿੱਕਰ ਸਿੰਘ ਹਥੋਆ ਅਤੇ ਜਗਤਾਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਿੰਡ ਤੋਲੇਵਾਲ ਦੀ ਬੋਲੀ 22 ਮਈ ਨੂੰ ਰੱਖੀ ਗਈ ਸੀ।ਜਿਸ ਦੇ ਸਬੰਧ ‘ਚ ਦਲਿਤ ਭਾਈਚਾਰੇ ਵਲੋਂ ਜ਼ਮੀਨ ਸਾਂਝੇ ਰੂਪ ਵਿੱਚ ਲੈਣ ਲਈ ਤਿਆਰੀ ਵੀ ਕੀਤੀ ਹੋਈ ਸੀ।ਪਰ ਤਿਆਰੀਆਂ ਮੁਕੰਮਲ ਹੋਣ ਦੇ ਬਾਵਜ਼ੂਦ ਪਿੰਡ ਤੋਲੇਵਾਲ ਦੇ ਪੰਚਾਇਤ ਸੈਕਟਰੀ ਵਲੋਂ 21 ਮਈ ਰਾਤ ਨੂੰ 10 ਵਜੇ ਸਰਪੰਚ ਨੂੰ ਫੋਨ ਕਰਕੇ ਬੋਲੀ ਰੱਦ ਕਰਨ ਦਾ ਫੁਰਮਾਨ ਚਾੜ ਦਿੱਤਾ।ਆਗੂਆਂ ਨੇ ਦੋਸ਼ ਲਾਇਆ ਕਿ ਇਹ ਪਿੰਡ ਦੇ ਇੱਕ ਕਾਂਗਰਸੀ ਦੀ ਸ਼ਹਿ ‘ਤੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਦਬਾਅ ਹੇਠ ਬੋਲੀ ਰੱਦ ਕੀਤੀ ਗਈ ਹੈ।ਇਸ ਦੇ ਵਿਰੋਧ ਵਿੱਚ ਦਲਿਤ ਭਾਈਚਾਰੇ ਵਲੋਂ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਰੈਲੀ ਕਰਨ ਤੋਂ ਬਾਅਦ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੰਮ ਕੇ ਨਾਅਰੇਬਾਜ਼ੀ ਕੀਤੀ ਗਈ।ਉਨਾਂ ਕਿਹਾ ਕਿ ਜੇਕਰ ਜ਼ਮੀਨ ਦੀ ਬੋਲੀ ਜਲਦ ਤੋਂ ਜਲਦ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਦਿਆਂ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋਣਗੇ।
            ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ, ਚਰਨ ਸਿੰਘ ਬੱਗਾ ਸਿੰਘ, ਕਿਰਨਜੀਤ ਕੌਰ ਅਤੇ ਸਿਮਰਜੀਤ ਕੌਰ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਹਲਕਾ ਵਿਧਾਇਕ ਧੀਮਾਨ ਦਾ –
             ਜਦੋਂ ਇਸ ਪੂਰੇ ਮਾਮਲੇ ਸਬੰਧੀ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਜਿੰਨਾਂ ਨੇ ਉਨਾਂ ਦਾ ਪੁਤਲਾ ਫੂਕਿਆ ਜਾਂ ਨਾਅਰੇਬਾਜ਼ੀ ਕੀਤੀ ਹੈ।ਇਹ ਵਿਰੋਧ ਕਰਨ ਦਾ ਉਨ੍ਹਾਂ ਦਾ ਜਮਹੂਰੀ ਅਧਿਕਾਰ ਹੈ।ਉਨਾਂ ਨੂੰ ਇਸ ਗੱਲ ਨਾਲ ਕੋਈ ਗਿਲਾ ਨਹੀਂ ਅਤੇ ਨਾ ਹੀ ਇਸ ਮਾਮਲੇ ਨਾਲ ਕੋਈ ਸੰਬੰਧ ਹੈ।ਉਨ੍ਹਾਂ ਕਿਹਾ ਕਿ ਮਾਮਲਾ ਅੱਜ ਨਹੀਂ ਤਾਂ ਭਲਕੇ ਹੱਲ ਹੋ ਜਾਵੇਗਾ, ਪਰ ਸਾਨੂੰ ਆਪਣੀ ਭਾਈਚਾਰਕ ਸਾਂਝ ਨਹੀਂ ਤੋੜਨੀ ਚਾਹੀਦੀ।ਬਾਕੀ ਜਿਸ ਦਾ ਹੱਕ ਹੈ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …