ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਹਜਾਮਤ ਦੀਆਂ ਦੁਕਾਨਾਂ /ਹੇਅਰ-ਕੱਟ
ਸੈਲੂਨਾਂ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਸਬੰਧੀ ਵਿਸਥਾਰਿਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਜ਼ਾਮਤ ਦੀ ਦੁਕਾਨ / ਹੇਅਰ-ਕੱਟ ਸੈਲੂਨ ਦੇ ਮਾਲਕ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ ਮੈਂਬਰ ਜਿਸ ਵਿਚ ਕੋਵਿਡ-19 (ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ਼ ਆਦਿ) ਦੇ ਲੱਛਣ ਹੋਣ ਤਾਂ ਉਸ ਨੂੰ ਕੰਮ ‘ਤੇ ਨਾ ਬੁਲਾਇਆ ਜਾਵੇ ਅਤੇ ਉਕਤ ਵਿਅਕਤੀ ਤੁਰੰਤ ਡਾਕਟਰੀ ਸਲਾਹ ਲੈ ਕੇ ਘਰ ਦੇ ਅੰਦਰ ਰਹੇ।ਇਸੇ ਤਰਾਂ ਅਜਿਹੇ ਲੱਛਣ ਪਾਏ ਜਾਣ ਵਾਲੇ ਕਿਸੇ ਵੀ ਗਾਹਕ ਦਾ ਕੰਮ ਨਾ ਕੀਤਾ ਜਾਵੇ।ਜਿਸ ਕੇਸ ਵਿੱਚ ਕਿਸੇ ਨੂੰ (ਜਿਵੇਂ ਮਾਤਾ-ਪਿਤਾ/ਗਾਰਡੀਅਨਜ਼) ਨਾਲ ਲਿਆਉਣਾ ਜ਼ਰੂਰੀ ਨਾ ਹੋਵੇ ਦੁਕਾਨ ‘ਤੇ ਆਉਣ ਵਾਲੇ ਗਾਹਕ ਆਪਣੇ ਨਾਲ ਕਿਸੇ ਹੋਰ ਵਿਅਕਤੀ ਨੂੰ ਨਾਲ ਨਾ ਲੈ ਕੇ ਆਉਣ।ਬੁਲਾਰੇ ਨੇ ਅੱਗੇ ਕਿਹਾ ਕਿ ਹਜ਼ਾਮਤ ਦੀ ਦੁਕਾਨਾਂ/ਹੇਅਰ-ਕੱਟ ਸੈਲੂਨ ਦੇ ਮਾਲਕ ਇਹ ਯਕੀਨੀ ਕਰਨਗੇ ਕਿ ਉਨਾਂ ਦੀ ਦੁਕਾਨ / ਸੈਲੂਨ ਵਿਚ ਬੇਲੋੜੀ ਭੀੜ ਨਾ ਹੋਵੇ।
ਇਸ ਤੋਂ ਇਲਾਵਾ ਸੇਵਾਵਾਂ ਲੈਣ ਸਮੇਂ ਗ੍ਰਾਹਕਾਂ ਵੱਲੋਂ ਸੰਭਵ ਹੱਦ ਤੱਕ ਮਾਸਕ ਦੀ ਵਰਤੋਂ ਕੀਤੀ ਜਾਵੇ।ਹਜ਼ਾਮਤ ਦੀ ਦੁਕਾਨ/ਹੇਅਰ-ਕੱਟ ਸੈਲੂਨ ਦੇ ਮਾਲਕ ਅਤੇ ਉਥੇ ਕੰਮ ਕਰਨ ਵਾਲੇ ਸਟਾਫ਼ ਵਲੋਂ ਲਾਜ਼ਮੀ ਤੌਰ ‘ਤੇ ਮਾਸਕ ਦੀ ਵਰਤੋਂ ਕੀਤੀ ਜਾਵੇ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕਾਂ ਅਤੇ ਸਟਾਫ ਦੇ ਆਪਸੀ ਵਿਹਾਰ ਦੌਰਾਨ ਕੋਵਿਡ-19 ਦੀ ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ (ਸਾਬਣ ਅਤੇ ਪਾਣੀ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਨਾਲ), ਇੱਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ ਉਤੇ ਨਜ਼ਰ ਰੱਖਣਾ, ਜਨਤਕ ਥਾਵਾਂ ਉਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ ਉਤੇ ਪਾਲਣਾ ਕੀਤੀ ਜਾਵੇ।
ਇਸ ਤੋਂ ਇਲਾਵਾ ਜਿਥੋਂ ਤੱਕ ਹੋ ਕੇ ਦੁਕਾਨ ਮਾਲਕਾਂ ਵਲੋਂ ਗਾਹਕਾਂ ਨੂੰ ਡਿਜੀਟਲ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਜੇ ਨਕਦੀ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤਾਂ ਦੁਕਾਨਦਾਰ, ਸਟਾਫ਼ ਅਤੇ ਗ੍ਰਾਹਕ ਨਕਦੀ ਦੇ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥਾਂ ਨੂੰ ਤੁਰੰਤ ਸਾਫ਼ ਕਰਨਗੇ।
ਉਪਕਰਨਾਂ (ਕੈਂਚੀ, ਉਸਤਰਾ, ਕੰਘੀ, ਸਟਾਈਲਿੰਗ ਟੂਲਜ਼) ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਵੇ।ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੌਲੀਏ ਅਤੇ ਸਬੰਧਤ ਚੀਜ਼ਾਂ ਨੂੰ ਨਿਯਮਿਤ ਤੋਰ ‘ਤੇ ਸਾਫ਼ ਕੀਤਾ ਤੇ ਧੋਤਾ ਜਾਵੇ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media