ਟੀਮਾਂ ਕੌਮੀ ਤੇ ਰਾਜ ਪੱਧਰੀ ਮੁਕਾਬਲਿਆਂ ‘ਚ ਲੈਣਗੀਆਂ ਹਿੱਸਾ – ਹੁੰਦਲ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕੋਵਿਡ-19 ਤੇ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਕਰਫਿਊ ਤੇ ਲਾਕਾਡਾਊਨ ਦੇ ਕਾਰਨ ਘਰਾਂ 
ਵਿੱਚ ਦਿਨ ਕਟੀ ਕਰਨ ਲਈ ਮਜ਼ਬੂਰ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਹੁਣ ਸਰਕਾਰੀ ਰਾਹਤ ਦੇ ਚੱਲਦਿਆਂ ਖੇਡ ਮੈਦਾਨਾਂ ਵਿੱਚ ਜਾ ਕੇ ਸੁਰੱਖਿਆ ਅਤੇ ਸਮਾਜਿਕ ਦੁਰੀ ਨੂੰ ਪਹਿਲ ਦਿੰਦੇ ਹੋਏ ਅਭਿਆਸ ਕਰਨ ਦੀ ਵਿਉਂਤਬੰਦੀ ਤਿਆਰ ਕਰ ਲਈ ਹੈ।ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਹਾਕੀ ਸਟੇਡੀਅਮ ਵਿਖੇ ਹਾਕੀ ਖਿਡਾਰੀਆਂ ਵਲੋਂ ਅਭਿਆਸ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ।
ਜਿਕਰਯੋਗ ਹੈ ਕਿ ਪਾਖਰਪੁਰਾ ਦੇ ਇਸ ਖੇਡ ਸਟੇਡੀਅਮ ਨੇ ਕਈ ਕੌਮਾਂਤਰੀ, ਕੌਮੀ, ਸੂਬਾ ਤੇ ਜਿਲ੍ਹਾ ਪੱਧਰੀ ਬੇਮਿਸਾਲ ਖਿਡਾਰੀਆ ਨੂੰ ਜਨਮ ਦਿੱਤਾ ਹੈ, ਜਦਕਿ ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ਵਿਚ ਸਵਰਗੀ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪਰਿਵਾਰ ਦੀ ਅਹਿਮ ਭੂਮਿਕਾ ਰਹੀ ਹੈ ਤੇ ਖਿਡਾਰੀ ਪੈਦਾ ਕਰਨ ਦੀ ਪਰੰਪਰਾ ਇਸ ਪਰਿਵਾਰ ਵਲੋਂ ਪੀੜੀ ਦਰ ਪੀੜੀ ਚਲਾਈ ਜਾ ਰਹੀ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੌਮਾਂਤਰੀ ਹਾੱਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਨੇ ਸਾਂਝੇ ਤੋਰ ‘ਤੇ ਦੱਸਿਆ ਕਿ ਇਲਾਕੇ ਦੇ ਹਾਕੀ ਖਿਡਾਰੀਆਂ ਦੀ ਸ਼ਿਖਰ ਸਰਗਰਮੀਆਂ ਤੇ ਕਰੜੇ ਅਭਿਆਸ ਦਾ ਕੇਂਦਰ ਰਹੇ ਇਸ ਹਾਕੀ ਸਟੇਡੀਅਮ ਵਿਚ ਬੀਤੇ ਕਈ ਮਹੀਨਿਆਂ ਤੋਂ ਵਿਰਾਨੀ ਛਾਈ ਰਹੀ ਹੈ, ਜਿਥੇ ਹੁਣ ਖਿਡਾਰੀਆਂ ਦੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ।ਛੇਤੀ ਹੀ ਹਾਲਾਤ ਸਾਜ਼ਗਾਰ ਹੋ ਜਾਣ ਨਾਲ ਟੀਮਾਂ ਕੌਮੀ ਤੇ ਸੂਬਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਣਗੀਆਂ ।
ਉਨਾਂ ਕਿਹਾ ਕਿ ਜਿਉਂ ਹੀ ਸਰਕਾਰ ਨੇ ਕਰਫਿਊ ਦੇ ਹਾਲਾਤਾਂ ਤੋਂ ਕੁੱਝ ਰਾਹਤ ਪ੍ਰਦਾਨ ਕੀਤੀ ਹੈ ਤਿਉਂ ਹੀ ਖਿਡਾਰੀਆਂ ‘ਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ ਫਿਰ ਤੋਂ ਮਹਾਂਮਾਰੀ ਦੇ ਬਚਾਅ ਸਾਧਨਾਂ ਤੇ ਸਮਾਜਿਕ ਦੂਰੀ ਨੂੰ ਸਾਹਮਣੇ ਰੱਖਦਿਆਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਅਭਿਆਸ ਦੋਰਾਨ ਸਰਕਾਰ ਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੁਰੱਖਿਆ ਪਾਬੰਦੀਆਂ ਨੂੰ ਯਕੀਨੀ ਬਣਾਇਆ ਜਾਵੇਗਾ।
Punjab Post Daily Online Newspaper & Print Media