ਖ਼ੱਪਤਕਾਰਾਂ ਨੂੰ ਜ਼ਰੂਰੀ ਵਸਤਾਂ ਸਹੀ ਕੀਮਤ ’ਤੇ ਮਿਲਣਗੀਆਂ – ਸਰਤਾਜ ਚੀਮਾ
ਕਪੂਰਥਲਾ, 26 ਮਈ (ਪੰਜਾਬ ਪੋਸਟ ਬਿਉਰੋ) – ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਖ਼ਪਤਕਾਰਾਂ ਨੂੰ
ਜ਼ਰੂਰੀ ਵਸਤਾਂ ਨਿਰਧਾਰਤ ਕੀਮਤ ’ਤੇ ਮਿਲਣੀਆਂ ਯਕੀਨੀ ਬਣਾਉਣ ਦੇ ਮਕਸਦ ਨਾਲ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਕਪੂਰਥਲਾ ਦੇ ਜ਼ਿਲ੍ਹਾ ਕੰਟਰੋਲਰ ਸਰਤਾਜ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜ਼ਰੂਰੀ ਵਸਤਾਂ ਦੀ ਵਿਕਰੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਸੇ ਤਹਿਤ ਫੂਡ ਸਪਲਾਈ ਇੰਸਪੈਕਟਰ ਸੁਖਚੈਨ ਸਿੰਘ ਅਤੇ ਨਾਪਤੋਲ ਕਪੂਰਥਲਾ ਦੇ ਇੰਸਪੈਕਟਰ ਅਨੂਪ ਚੌਧਰੀ ’ਤੇ ਆਧਾਰਿਤ ਟੀਮ ਵੱਲੋਂ ਦੁੱਧ ਦੀਆਂ ਡੇਅਰੀਆਂ ਅਤੇ ਦੁੱਧ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਪੜਤਾਲ ਕੀਤੀ ਗਈ। ਜਿਸ ਦੌਰਾਨ ਪਾਇਆ ਗਿਆ ਕਿ ਮਰਵਾਹਾ ਡੇਅਰੀ ਰੇਲਵੇ ਰੋਡ ਕਪੂਰਥਲਾ ਵੱਲੋਂ ਲੱਸੀ ਦੇ ਇਕ ਪੈਕਟ ਦੀ ਕੀਮਤ ਖ਼ਪਤਕਾਰਾਂ ਪਾਸੋਂ 25 ਰੁਪਏ ਦੀ ਥਾਂ 30 ਰੁਪਏ ਚਾਰਜ਼ ਕੀਤੀ ਜਾ ਰਹੀ ਸੀ।ਇਸੇ ਤਰ੍ਹਾਂ ਈਟ ਐਂਡ ਪਾਰਕ ਅਰਬਨ ਅਸਟੇਟ ਕਪੂਰਥਲਾ ਵਲੋਂ ਦੁੱਧ ਦੇ ਪੈਕੇਟ ਦੀ ਕੀਮਤ 25 ਰੁਪਏ ਦੀ ਥਾਂ 27 ਰੁਪਏ ਅਤੇ ਲੱਸੀ ਦੇ ਪੈਕੇਟ ਦੀ ਕੀਮਤ 28 ਰੁਪਏ ਦੀ ਥਾਂ 35 ਰੁਪਏ ਵਸੂਲੀ ਜਾ ਰਹੀ ਸੀ।ਟੀਮ ਵੱਲੋਂ ਮੌਕੇ ’ਤੇ ਹੀ ਦੋਵਾਂ ਦੁਕਾਨਦਾਰਾਂ ’ਤੇ ਜ਼ਰੂਰੀ ਵਸਤਾਂ ਦੇ ਐਕਟ 1955 ਅਧੀਨ ਕਾਰਵਾਈ ਕਰਦਿਆਂ ਮਰਵਾਹਾ ਡੇਅਰੀ ਰੇਲਵੇ ਰੋਡ ਕਪੂਰਥਲਾ ਨੂੰ 5 ਹਜ਼ਾਰ ਰੁਪਏ ਅਤੇ ਈਟ ਐਂਡ ਪਾਰਕ ਅਰਬਨ ਅਸਟੇਟ ਕਪੂਰਥਲਾ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕਰ ਕੇ ਭਵਿੱਖ ਵਿਚ ਨਿਰਧਾਰਤ ਕੀਮਤ ’ਤੇ ਵਸਤਾਂ ਵੇਚਣ ਦੀ ਹਦਾਇਤ ਕੀਤੀ ਗਈ।
ਜ਼ਿਲ੍ਹਾ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਖ਼ੱਪਤਕਾਰਾਂ ਨੂੰ ਜ਼ਰੂਰੀ ਵਸਤਾਂ ਸਹੀ ਕੀਮਤ ’ਤੇ ਮਿਲਣੀਆਂ ਯਕੀਨੀ ਬਣਾਈਆ ਜਾਣਗੀਆਂ ਅਤੇ ਤੈਅ ਰੇਟ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media