Wednesday, April 15, 2026

ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਤਿੰਨ ਸਾਲ ਦੇ ਕਾਰਜਕਾਲ `ਚ ਵਾਧੇ ਨਾਲ ਖੁਸ਼ੀ ਦਾ ਮਾਹੌਲ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ – ਪ੍ਰੋ. ਸੰਧੂ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਕਾਰਜ ਕਾਲ ਵਿਚ ਤਿੰਨ ਸਾਲ ਦਾ ਹੋਰ ਵਾਧਾ ਹੋਣ `ਤੇ ਜਿਥੇ ਯੂਨੀਵਰਸਿਟੀ ਦੇ ਸਮੁੱਚੇ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਦਿਲੀ ਵਧਾਈਆਂ ਦਿੱਤੀਆਂ ਗਈਆਂ ਉਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਚਨਬੱਧਤਾ ਦੁਹਰਾਈ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਉਣ ਵਾਲੇ ਤਿੰਨ ਸਾਲਾਂ ਵਿਚ ਵੀ ਕੌਮਾਂਤਰੀ ਪੱਧਰ ਅਤੇ ਮੌਜੂਦਾ ਹਲਾਤਾਂ ਵਿਚ ਸਿਖਿਆ ਤੰਤਰ ਨੂੰ ਆਧੁਨਿਕ ਲੀਹਾਂ `ਤੇ ਲਿਆਉਣ ਦੇ ਯਤਨ ਜਾਰੀ ਰਹਿਣਗੇ।
             ਵਿਦਿਆਰਥੀਆਂ, ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰਾਂ, ਪੰਜਾਬ ਸਰਕਾਰ ਦੇ ਮੰਤਰੀਆਂ, ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ, ਯੂਨੀਵਰਸਿਟੀ ਭਾਈਚਾਰੇ, ਪ੍ਰਮੁੱਖ ਸ਼ਖਸੀਅਤਾਂ ਅਤੇ ਹੋਰ ਨਜ਼ਦੀਕੀਆਂ ਤੋਂ ਇਲਾਵਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਪ੍ਰੋ: ਸੰਧੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਪ੍ਰੋ. ਸੰਧੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਾਲਾਂ ਵਿਚ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਯੂਨੀਵਰਸਿਟੀ ਵੱਖ ਵੱਖ ਖੇਤਰਾਂ ਦੇ ਵਿਚ ਆਪਣੀਆਂ ਉਪਲਬਧੀਆਂ ਇੰਝ ਹੀ ਜਾਰੀ ਰੱਖੇਗੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਯੂਨੀਵਰਸਿਟੀ ਕੈਂਪਸ ਦੇ ਵਾਤਾਵਰਣ ਨੂੰ ਕੌਮਾਂਤਰੀ ਪੱਧਰ ਦੀ ਦਿੱਖ ਦੇਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ ਉਥੇ ਗੁਰੂ                ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਸਿਲਸਲੇ ਨੂੰ ਅੱਗੇ ਜਾਰੀ ਰੱਖਣ ਅਤੇ ਤੇ ਅਮਲ ਵਿਚ ਲਿਆਉਣ ਦੀ ਕੋਸ਼ਿਸ਼ ਰਵਾਨਗੀ ਵਿਚ ਰਹੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਅੱਜ ਨੋਟੀਫਿੇਸ਼ਨ ਜਾਰੀ ਕਰਕੇ ਤਿੰਨ ਸਾਲ ਦੇ ਕਾਰਜਕਾਲ ਦਾ ਵਾਧਾ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਬਤੌਰ ਸਕੱਤਰ ਅਤੇ ਸਪੋਰਟਸ ਮੈਡੀਸਨ ਵਿਭਾਗ ਦੇ ਮੁੱਖੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।ਉਹ 16 ਅਗਸਤ 2017 ਵਿਚ ਬਤੌਰ ਯੂਨੀਵਰਸਿਟੀ ਦੇ ਉਪ ਕੁਲਪਤੀ ਨਿਯੁਕਤ ਹੋਏ ਸਨ।ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਆਨਲਾਈਨ ਅਧਿਆਪਨ, ਵਾਈਵਾ, ਵਰਕਸ਼ਾਪ, ਈ ਸੈਮੀਨਾਰ ਅਤੇ ਈ ਆਫਿਸ ਸਦਕਾ ਯੂਨੀਵਰਸਿਟੀ ਸੁਰਖੀਆਂ ਵਿਚ ਰਹੀ।
                 ਇਨ੍ਹਾਂ ਤਿੰਨਾਂ ਸਾਲਾਂ ਵਿਚ ਉਨ੍ਹਾਂ ਨੇ ਯੂਨੀਵਰਸਿਟੀ ਦੇ ਹਰੇਕ ਖੇਤਰ ਨੂੰ ਬੁਲੰਦੀਆਂ `ਤੇ ਲੈ ਕੇ ਜਾਣ ਦੇ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ `ਤੇ ਆਈ ਹੈ।ਯੂਨੀਵਰਸਿਟੀ ਨੇ ਖੋਜ, ਸਿੱਖਿਆ, ਖੇਡਾਂ, ਵਾਤਾਵਰਣ, ਬੁਨਿਆਦੀ ਢਾਂਚੇ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰੈਂਕਿੰਗ, ਗ੍ਰਾਂਟਾਂ ਵਿੱਚ ਵਾਧਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਮਝੌਤੇ, ਡਿਜੀਟਲ ਪਹਿਲਕਦਮੀ, ਵਿਦਿਆਰਥੀ ਕੇਂਦਰਿਤ ਗਤੀਵਿਧੀਆਂ, ਨਵੇਂ ਵਿਭਾਗ ਅਤੇ ਕੋਰਸਾਂ ਦੀ ਸ਼ੁਰੂਆਤ, ਪਲੇਸਮੈਂਟ ਪ੍ਰਾਪਤੀਆਂ ਤੋਂ ਇਲਾਵਾ ਇਸ ਵਰ੍ਹੇ ਤੋਂ ਇਨਕਊਬੇਸ਼ਨ ਸੈਂਟਰ ਅਤੇ ਕੰਪੀਊਟੇਸ਼ਨਲ ਸਟੈਟਿਸਟਿਕਸ ਵਿਭਾਗ ਅਤੇ ਡੇਟਾ ਵਿਸ਼ਲੇਸ਼ਣ ਵਿਭਾਗ ਦੀ ਸਥਾਪਤੀ ਸ਼ਾਮਿਲ ਹੈ।ਤਾਲਾਬੰਦੀ ਦੇ ਸਮੇਂ ਦੌਰਾਨ, ਯੂਨੀਵਰਸਿਟੀ ਨੇ ਰਾਜ ਅਤੇ ਕੇਂਦਰ ਸਰਕਾਰ ਦੁਆਰਾ ਨਿਰਦੇਸ਼ਤ ਸਾਵਧਾਨੀਆਂ ਅਤੇ ਉਪਾਵਾਂ ਨੂੰ ਅਪਣਾਉਂਦਿਆਂ ਘੱਟ ਕੀਮਤ ਵਾਲੇ ਸੈਨੀਟਾਈਜ਼ਰ ਅਤੇ ਮਾਸਕ ਨੂੰ ਤਿਆਰ ਕਰਨ ਉਪਰੰਤ ਵੰਡਣਾ ਹੈ। ਪ੍ਰੋ. ਸੰਧੂ ਵਟਸਐਪ ਅਤੇ ਆਨਲਾਈਨ ਮੀਟਿੰਗਾਂ ਰਾਹੀਂ ਸਾਰੇ ਅਧਿਆਪਨ ਵਿਭਾਗਾਂ ਦੇ ਮੁਖੀਆਂ ਨਾਲ ਲਗਾਤਾਰ ਗੱਲਬਾਤ ਕਰਦੇ ਰਹੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਬਾਕਾਇਦਾ ਫੀਡਬੈਕ ਲੈਂਦੇ ਰਹੇ।ਤਾਲਾਬੰਦੀ ਦੌਰਾਨ ਯੂਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਇਸ ਸਬੰਧੀ ਵਾਈਸ ਚਾਂਸਲਰ ਆਪ ਉਨ੍ਹਾਂ ਨਾਲ ਸੰਪਰਕ ਵਿਚ ਰਹੇ।
                 ਯੂਨੀਵਰਸਿਟੀ ਦੇ ਤਿੰਨ ਸਾਲਾਂ ਦੇ ਇਤਿਹਾਸ ਵਿੱਚ ਅਜਿਹੀਆਂ ਮਾਣਮਤੀਆਂ ਪ੍ਰਾਪਤੀਆਂ ਹੋਈਆਂ ਹਨ ਜਿਸਦਾ ਸਿਹਰਾ ਵੀ ਪ੍ਰੋ. ਸੰਧੂ ਦੀ ਯੋਗ ਅਗਵਾਈ ਨੂੰ ਹੀ ਦਿੱਤਾ ਜਾ ਰਿਹਾ ਹੈ।ਯੂਨੀਵਰਸਿਟੀ ਨੇ ਖੋਜ, ਅਕਾਦਮਿਕ, ਖੇਡਾਂ, ਸਭਿਆਚਾਰਕ ਖੇਤਰਾਂ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆੳੇੁਣ ਦੇ ਲਈ ਭਰਪੂਰ ਕੰਮ ਕੀਤੇ ਜਿਨ੍ਹਾਂ ਸਦਕਾ ਯੂਨੀਵਰਸਿਟੀ ਨੇ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਏ ਸ਼੍ਰੇਣੀ ਦੀ ਯੂਨੀਵਰਸਿਟੀ ਵਿਚ ਸ਼ਾਮਿਲ ਹੋਈ।ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਸਵੱਛਤਾ ਦੇ ਮਾਮਲੇ `ਚ ਦੇਸ਼ ਭਰ ਵਿਚ ਦੂਜਾ ਸਥਾਨ ਪ੍ਰਾਪਤ ਹੋਇਆ।ਇਸ ਤੋਂ ਇਲਾਵਾ 23ਵੀਂ ਵਾਰ ਖੇਡਾਂ ਦੇ ਖੇਤਰ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜਿਤ ਕੇ ਯੂਨੀਵਰਸਿਟੀ ਦਾ ਨਾਂ ਉਚਾ ਕੀਤਾ। ਉਨ੍ਹਾਂ ਦੀ ਉੱਚੀ ਤੇ ਸੱਚੀ ਸੋਚ ਦੀ ਬਦੌਲਤ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਵੱਖ ਵੱਖ ਗ੍ਰਾਂਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਨਾਲ ਯੂਨੀਵਰਸਿਟੀ ਦਾ ਸਰਵਪੱਖੀ ਢਾਂਚਾ ਹੋਰ ਵੀ ਮਜਬੂਤ ਹੋਇਆ।
               ਯੂਨੀਵਰਸਿਟੀ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਪੂਰਾ ਹਰਿਆ ਭਰਿਆ ਕਰਨ ਦੇ ਲਈ ਕਰੀਬ ਵੀਹ ਹਜ਼ਾਰ ਤੋਂ ਉਪਰ ਹਰ ਤਰਾਂ ਦੇ ਰੁੱਖ ਅਤੇ ਬੂਟੇ ਲਗਾਏ ਗਏ ਹਨ। 1.8 ਮੈਗਾਵਾਟ ਕਪੈਸਟੀ ਵਾਲੇ ਰੂਫ ਟਾਪ ਸੋਲਰ ਐਨਰਜੀ ਪਲਾਂਟ ਦਾ ਮਕਸਦ ਵੀ ਯੂਨੀਵਰਸਿਟੀ ਨੂੰ ਊਰਜਾ ਦੇ ਖੇਤਰ ਵਿਚ ਸਵੈਨਿਰਭਰ ਬਣਾੳਣਾ ਹੈ।
                ਵਿਗਿਆਨ, ਤਕਨਾਲੋਜੀ ਅਤੇ ਮੈਨੇਜਮੈਂਟ ਆਦਿ ਖੇਤਰਾਂ ਦੇ ਵਿਸਥਾਰ ਲਈ ਵਿਹਾਰਕ ਅਤੇ ਖੋਜ ਭਰਪੂਰ ਯਤਨਾਂ ਅਕਾਦਮਿਕ, ਖੋਜ, ਖੇਡ ਅਤੇ ਸਭਿਆਚਾਰਕ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਦੀ ਬਦੌਲਤ ਯੂ.ਜੀ.ਸੀ ਤੋਂ ਪੋਟੈਂਸੀਅਲ ਆਫ ਐਕਸਿਲੈਂਸ ਦਾ ਦਰਜਾ ਹਾਸਲ ਹੋਇਆ ਹੈ ਅਤੇ ਕੈਟਾਗਿਰੀ-1 ਸ਼੍ਰੇਣੀ ਵਿੱਚ ਜੁੜਨ ਦਾ ਮਾਣ ਹਾਸਲ ਹੋਣਾ ਵੀ ਪ੍ਰਾਪਤੀ ਹੈ।ਇਮਾਰਤਾਂ ਉੱਤੇ ਸੋਲਰ ਊਰਜਾ-ਪਲਾਂਟ ਸਥਾਪਤ ਕਰਕੇ, ਬਾਹਰੀ ਵਾਹਨਾਂ ਦੀ ਆਮਦ ਘਟਾਉਂਦਿਆਂ ਚਾਰ-ਦੀਵਾਰੀ ਅੰਦਰ ਸਾਈਕਲਿੰਗ ਨੂੰ ਉਤਸ਼ਾਹਿਤ ਕਰਕੇ, ਅਨੇਕਾਂ ਬਹੁਭਾਂਤੀ ਪੌਦੇ ਲਗਾਕੇ, ਜਾਗਰਤੀ ਚੇਤਨਾਂ ਤਹਿਤ ਅਨੇਕਾਂ ਤਰ੍ਹਾਂ ਦੇ ਕੈਂਪ ਲਗਾਕੇ ਅਤੇ ਫਲਾਵਰ ਪਰਦਰਸ਼ਨਾਂ ਆਦਿ ਦਾ ਪ੍ਰਬੰਧ ਕਰਕੇ ਜ਼ੀਰੋ ਡਿਸਚਾਰਜ ਕੈਂਪਸ ਦਾ ਨਿਰਮਾਣ ਕਰਵਾਉਣ ਇਸ ਵਰ੍ਹੇ ਦੀਆਂ ਪ੍ਰਾਪਤੀਆਂ ਵਿਚ ਸ਼ੁਮਾਰ ਹੈ। ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ ‘ਏ++’ ਦਰਜਾ ਪ੍ਰਾਪਤ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਨੂੰ ਪੂਰੇ ਭਾਰਤ ’ਚੋਂ 12 ਵਾਂ ਸਥਾਨ ਪ੍ਰਾਪਤ ਹੋਣ ਦਾ ਸਿਹਰਾ ਪ੍ਰੋ. ਸੰਧੂ ਸਿਰ ਸਜਦਾ ਹੈ। ਯੂਨੀਵਰਸਿਟੀ ਨੇ ਖੋਜ ਖੇਤਰ ’ਚ ਅੰਤਰ-ਰਾਸ਼ਟਰੀ-ਖੋਜ ਜਨਰਲਾਂ ’ਚ ਆਪਣੇ ਖੋਜ ਪੱਤਰ ਛਪਵਾ ਕੇ ਐਚ ਇੰਡੈਕਸ ਉਚੇਰਾ ਕਰਨ ਦੇ ਨਾਲ ਸਭ ਤੋਂ ਵੱਧ ਪੇਟੈਂਟ ਕਰਵਾਉਣ ਵਾਲੀ ਦੂਜੀ ਯੂਨੀਵਰਸਿਟੀ ਹੈ।
                 ਅੰਤਰਰਾਸ਼ਟਰੀ ਪੱਧਰ ’ਤੇ ਵਿਦਿਅਕ ਸਾਂਝ ਸਥਾਪਤ ਕਰਨ ਲਈ ਯੂਨੀਵਰਸਿਟੀ ਨੇ ਯੂ.ਐਸ.ਏ, ਜਪਾਨ ਅਤੇ ਯੂ.ਕੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਤਾਲਮੇਲ ਸਥਾਪਤ ਕੀਤਾ ਹੈ।ਬਹੁਤ ਸਾਰੀਆਂ ਰਾਸ਼ਟਰੀ ਪੱਧਰ ’ਤੇ ਨਾਮਜ਼ਦ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨਾਲ ਸਾਂਝ ਸਥਾਪਤ ਕਰਦਿਆਂ ਆਪਣੇ ਘੇਰੇ ਨੂੰ ਵਧੇਰੇ ਵਿਸਥਾਰ ਪ੍ਰਦਾਨ ਕੀਤਾ ਹੈ।ਚਾਲੂ ਸੈਸ਼ਨ ਦੌਰਾਨ ਖੇਤੀ ਵਿਭਾਗ, ਮਾਸ ਕਮਿਊਨੀਕੇਸ਼ਨ ਵਿਭਾਗ, ਟੂਰਿਜਮ ਅਤੇ ਹੋਸਪੀਟੈਲਿਟੀ ਅਤੇ ਫਿਜਿਉਥਰੈਪੀ ਨਾਲ ਸਬੰਧਤ ਚਾਰ ਨਵੇਂ ਵਿਭਾਗ ਅਤੇ ਆਧੁਨਿਕ ਪ੍ਰਸੰਗ ’ਚ ਕਈ ਨਵੇਂ ਕੋਰਸ ਸ਼ੁਰੂ ਕੀਤੇ ਹਨ ਅਤੇ ਡਿਸਟੈਂਸ ਐਜੂਕੇਸ਼ਨ, ਆਨਲਾਈਨ ਐਜੂਕੇਸ਼ਨ ਅਤੇ ਇਵਨਿੰਗ ਸਟਡੀਜ ਦੇ ਤਿੰਨ ਡਾਇਰੈਕਟੋਰੇਟ ਹੋਂਦ ਵਿੱਚ ਲਿਆਂਦੇ ਹਨ।ਉਨ੍ਹਾਂ ਦੇ ਉਦਮ ਸਦਕਾ ਪੰਜਾਬੀ ਦੇ ਉਘੇ ਨਾਵਲਕਾਰ ਸ. ਨਾਨਕ ਸਿੰਘ ਜੀ ਦੀਆਂ ਕਿਰਤਾਂ ਅਤੇ ਹੋਰ ਇਤਿਹਾਸਕ ਦਸਤਾਵੇਜ਼ ਅਤੇ ਹਥਲਿਖਤਾਂ ਨੂੰ ਸਾਭਣ ਹਿਤ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਇਕ ਵੱਖਰਾ ਮਿਊਜ਼ਮ ਅਤੇ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਅਤੇ ਤੈਰਾਕੀ ਖੇਤਰ ਵਿਚ 4 ਖੇਡ ਕੇਂਦਰ ਸਥਾਪਤ ਹੋ ਜਾਣਗੇ। ਯੁਨੀਵਰਸਿਟੀ ਵਲੋਂ ਆਪਣੇ 50 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਯੁਨੀਵਰਸਿਟੀ ਤੇ ਅੰਮ੍ਰਿਤਸਰ ਸ਼ਹਿਰ ਦੇ ਸ਼ਾਨਮੱਤੇ ਇਤਹਾਸ ਨੂੰ ਦਰਸਾਉਦੀਆਂ ਦੋ ਸ਼ਾਨਦਾਰ ਕੌਫੀ ਟੇਬਲ ਬੁਕ ਵੀ ਪ੍ਰਕਾਸ਼ਤ ਕਰਨ ਦਾ ਮਾਣ ਹਾਸਲ ਕੀਤਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …