ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਿਨਾਂ ਕਿਸੇ ਠੋਸ ਤਿਆਰੀ ਤੋਂ ਪੰਜਾਬੀ ਯੂਨੀਵਰਸਿਟੀ ਦੁਆਰਾ ਪੇਪਰ ਲਏ ਜਾਣ ਦੀਆਂ ਤਰੀਕਾਂ
ਐਲਾਨੇ ਜਾਣ ਦਾ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਿਰੋਧ ਕਰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਪਹਿਲਾਂ ਵੀ ਆਪਣੇ ਮੰਗ ਪੱਤਰ ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਇਮਤਿਹਾਨ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕਲਾਸਾਂ ਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ।ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਹੜੇ ਆਨਲਾਈਨ ਪੜ੍ਹਾਈ ਨਹੀਂ ਕਰ ਪਾ ਰਹੇ ਜਾਂ ਕਈ ਕਿਸਮ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਜਿਸ ਕਰਕੇ ਉਨ੍ਹਾਂ ਲਈ ਪੇਪਰਾਂ ਤੋਂ ਇੱਕ ਮਹੀਨਾ ਪਹਿਲਾਂ ਕਲਾਸਾਂ ਲਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।ਵਿਦਿਆਰਥੀ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ ਸੀ।ਜਿਸ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਇਮਤਿਹਾਨ ਲੈਣ ਤੋਂ ਇੱਕ ਮਹੀਨਾ ਪਹਿਲਾਂ ਕਲਾਸਾਂ ਲਈਆਂ ਜਾਣ, ਪ੍ਰੰਤੂ ਯੂਨੀਵਰਸਿਟੀ ਵਲੋਂ ਬਿਨਾਂ ਕਿਸੇ ਠੋਸ ਯੋਜਨਾ ਦੇ ਇਮਤਿਹਾਨ ਲੈਣ ਦਾ ਐਲਾਨ ਕਰਨਾ ਵਿਦਿਆਰਥੀਆਂ ਦੇ ਸਿਰ ਭਾਂਡਾ ਭੰਨਣ ਦੇ ਬਰਾਬਰ ਹੈ।
ਉਨਾਂ ਕਿਹਾ ਕਿ ਜਾਰੀ ਕੀਤੇ ਗਏ ਨੋਟਿਸ ਵਿੱਚ ਕੋਈ ਠੋਸ ਜਾਣਕਾਰੀ ਨਹੀਂ ਹੈ।ਕੇਵਲ ਇੱਕ ਲਿਸਟ ਜਾਰੀ ਕੀਤੀ ਗਈ ਹੈ ਜੋ ਕਿ ਆਖਰੀ ਸਮੈਸਟਰ ਵਾਲੇ ਵਿਦਿਆਰਥੀਆਂ ਦੇ ਇਮਤਿਹਾਨ ਲੈਣ ਬਾਰੇ ਹੈ ਜੋ ਮਿਤੀ 10-7-20 ਤੋਂ ਸ਼ੁਰੂ ਕਰਨ ਬਾਰੇ ਕਿਹਾ ਹੈ ਤੇ ਬਾਕੀ ਜੋ ਕੋਰਸ ਰਹਿ ਗਏ ਉਨ੍ਹਾਂ ਬਾਰੇ ਵੀ ਇਹੀ ਮਿਤੀ ਦੱਸੀ ਗਈ ਹੈ।ਪਰੰਤੂ ਜਿਵੇਂ ਕਿ ਠੋਸ ਯੋਜਨਾ ਹੋਣੀ ਚਾਹੀਦੀ ਹੈ ਕਿ ਪੇਪਰ ਕਿੰਨੇ ਸਿਲੇਬਸ ਅਤੇ ਕਿਹੜੇ ਪੈਟਰਨ ਦੇ ਆਧਾਰ ‘ਤੇ ਲਏ ਜਾਣਗੇ? ਜੋ ਬਾਹਰਲੇ ਰਾਜਾਂ ਦੇ ਵਿਦਿਆਰਥੀ ਹਨ, ਉਹ ਕਿਵੇਂ ਪੇਪਰ ਦੇ ਸਕਣਗੇ।ਇਸ ਬਾਰੇ ਯੂਨੀਵਰਸਿਟੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਉਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਲਈ ਸ਼ਰੀਰਕ ਦੂਰੀ ਦਾ ਖਿਆਲ ਰੱਖਦਿਆਂ 15 ਜੂਨ ਤੋਂ ਕਲਾਸਾਂ ਲਗਾਉਣ ਦਾ ਇੰਤਜ਼ਾਮ ਕੀਤਾ ਜਾਵੇ।ਇਸ ਦੇ ਨਾਲ ਹੀ ਬਾਹਰਲੇ ਰਾਜਾਂ ਦੇ ਵਿਦਿਆਰਥੀ ਜਾਂ ਜਿਹੜੇ ਵਿਦਿਆਰਥੀ ਕਿਸੇ ਜ਼ਰੂਰੀ ਕਾਰਨ ਕਰਕੇ ਪੇਪਰ ਨਹੀਂ ਦੇ ਸਕਣਗੇ, ਉਨ੍ਹਾਂ ਲਈ ਅਲੱਗ ਤੋਂ ਪੇਪਰ ਲਏ ਜਾਣ ਦਾ ਪ੍ਰਬੰਧ, ਯੂਨੀਵਰਸਿਟੀ ਅਤੇ ਕਾਲਜ ਫੌਰੀ ਖੋਲ੍ਹੇ ਜਾਣ, ਖਾਸ ਤੌਰ ‘ਤੇ ਲਾਇਬ੍ਰੇਰੀਆਂ ਨੂੰ ਵਿਦਿਆਰਥੀਆਂ ਦੇ ਪੜ੍ਹਨ ਲਈ ਖੋਲ੍ਹਿਆ ਜਾਵੇ ਤੇ ਕਿਤਾਬਾਂ ਜਾਰੀ ਕੀਤੀਆਂ ਜਾਣ।
Check Also
ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ 13 ਅਪ੍ਰੈਲ (ਜਗਦੀਪ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਾਲ 2025 ਦੌਰਾਨ ਗਰੁੱਪ, ਡਾਇਰੈਕਟੋਰੇਟ …
Punjab Post Daily Online Newspaper & Print Media