Wednesday, June 10, 2026

ਜਿਲ੍ਹੇ ਵਿੱਚ 6 ਕੋਰੋਨਾ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

3 ਹੋਰ ਵਿਅਕਤੀਆਂ ਦੀ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ – ਡਾ. ਮਲਹੋਤਰਾ

ਪਟਿਆਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1549 ਸੈਂਪਲਾਂ ਵਿਚੋਂ 691 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 685 ਨੈਗੇਟਿਵ ਅਤੇ 6 ਕੋਵਿਡ-19 ਪੌਜ਼ਟਿਵ ਪਾਏ ਗਏ ਹਨ, ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ ਅਤੇ ਬਾਕੀ ਸੈਂਪਲਾਂ ਦੀ ਆਉਣੀ ਬਾਕੀ ਹੈ।
            ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਘੇਹਰ ਸੋਢੀਆਂ ਦੀ ਰਹਿਣ ਵਾਲੀ 22 ਸਾਲਾ ਲੜਕੀ ਜੋ ਕਿ ਮੁੰਬਈ ਤੋਂ ਵਾਪਸ ਆਉਣ ’ਤੇ ਲਏ ਕੋਵਿਡ ਸੈਂਪਲ ਦੀ ਰਿਪੋਰਟ ਕੋਵਿਡ ਪੌਜਟਿਵ ਆਈ ਹੈ।ਪਿੰਡ ਰਾਮਗੜ੍ਹ ਤਹਿਸੀਲ ਨਾਭਾ ਦਾ 42 ਸਾਲ ਵਿਅਕਤੀ ਅਤੇ ਭਿੰਦਰ ਕਲੋਨੀ ਸਮਾਣਾ ਦਾ ਰਹਿਣ ਵਾਲਾ 33 ਸਾਲਾ ਵਿਅਕਤੀ ਜੋ ਕਿ ਓਟ ਕਲੀਨਿਕ ਵਿਚੋਂ ਆਪਣੀ ਦਵਾਈ ਲੈਣ ਆਏ ਸਨ ਦੇ ਵੀ ਕੋਵਿਡ ਸੈਂਪਲ ਪੌਜਟਿਵ ਪਾਏ ਗਏ ਹਨ।ਇਸੇ ਤਰਾਂ ਛੱਤੀਸਗੜ੍ਹ ਤੋ ਵਾਪਸ ਆਇਆ ਪਿੰਡ ਫ਼ਤਿਹ ਮਾਜਰੀ ਤਹਿਸੀਲ ਸਮਾਣਾ ਦਾ 39 ਸਾਲਾ ਨੌਜਵਾਨ ਅਤੇ ਰਾਜਸਥਾਨ ਤੋਂ ਵਾਪਸ ਆਇਆਂ ਪਿੰਡ ਮੋਹੀ ਖ਼ੁਰਦ ਬਲਾਕ ਕਾਲੋਮਾਜਰਾ ਦਾ 30 ਸਾਲਾ ਨੌਜਵਾਨ ਦੀ ਵੀ ਕੋਵਿਡ ਜਾਂਚ ਪੌਜਟਿਵ ਪਾਈ ਗਈ ਹੈ।ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਕੰਮ ਕਰਦੀ 25 ਸਾਲਾ ਸਟਾਫ਼ ਨਰਸ ਦੀ ਵੀ ਕੋਵਿਡ ਜਾਂਚ ਪੌਜਟਿਵ ਆਈ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਪੌਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।
                 ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ 4 ਵਿਅਕਤੀਆਂ ਜਿਨ੍ਹਾਂ ਵਿੱਚ ਤਿੰਨ ਰਾਜਪੁਰਾ ਅਤੇ ਇੱਕ ਨਾਭਾ ਦੀ ਰਹਿਣ ਵਾਲੀ ਔਰਤ ਹੈ, ਨੂੰ ਕਰੋਨਾ ਤੋਂ ਠੀਕ ਹੋਣ ‘ਤੇ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 124 ਹੋ ਗਈ ਹੈ।
               ਕੋਵਿਡ ਪੌਜ਼ਟਿਵ ਕੇਸਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਟੀ ਵਿਚ ਸ਼ਿਫਟ ਕਰਾਉਣ ਸਬੰਧੀ ਰਾਜ ਸਰਕਾਰ ਤੋਂ ਪ੍ਰਾਪਤ ਨਵੀਆਂ ਗਾਈਡ ਲਾਈਨਜ਼ ਬਾਰੇ ਉਨ੍ਹਾਂ ਕਿਹਾ ਕਿ ਹੁਣ ਨਵੀਆਂ ਹਦਾਇਤਾਂ ਅਨੁਸਾਰ ਕੇਵਲ ਫਲੂ ਲੱਛਣ ਜਿਵੇਂ ਖਾਂਸੀ, ਬੁਖਾਰ, ਜੁਕਾਮ, ਸਾਹ ਲੈਣ ਵਿਚ ਤਕਲੀਫ ਆਦਿ ਹੋਣ ‘ਤੇ ਹੀ ਮਰੀਜ਼ਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਦਾਖਲ ਕਰਵਾਇਆ ਜਾਵੇਗਾ। ਜੇਕਰ ਕੋਵਿਡ ਪੌਜਟਿਵ ਕੇਸ ਵਿਚ ਕੋਈ ਵੀ ਫਲੂ ਟਾਈਪ ਲੱੱਛਣ ਨਹੀਂ ਹੈ ਤਾਂ ਉਸ ਨੂੰ ਘਰ ਵਿਚ ਹੀ 17 ਦਿਨਾਂ ਲਈ ਵੱਖ ਕਮਰੇ ਵਿਚ ਰੱਖਿਆ ਜਾਵੇਗਾ ਬਸ਼ਰਤੇ ਕਿ ਉਸ ਘਰ ਵਿਚ ਮਰੀਜ਼ ਦੇ ਰਹਿਣ ਲਈ ਇੱਕ ਵੱਖਰਾ ਹਵਾਦਾਰ ਕਮਰਾ ਅਟੈਚ ਬਾਥਰੂਮ ਹੋਵੇ, ਉਸ ਦੀ ਘਰ ਵਿਚ ਦੇਖਭਾਲ ਕਰਨ ਲਈ ਇੱਕ ਵਿਅਕਤੀ, ਨਾਲ ਹੀ ਹੋਰਾਂ ਨੂੰ ਹੋ ਸਕਣ ਵਾਲੇ ਰਿਸਕ ਅਤੇ ਬਾਇਓ ਮੈਡੀਕਲ ਵੈਸਟ ਦੇ ਪ੍ਰਬੰਧਾਂ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਸਾਰਿਆਂ ਚੀਜ਼ਾਂ ਦੀ ਜਾਂਚ ਆਰ.ਆਰ.ਟੀ ਟੀਮਾਂ ਵੱਲੋਂ ਕਰਨ ਉਪਰੰਤ ਹੀ ਮਰੀਜ਼ ਨੂੰ ਘਰ ਵਿਚ ਵੱਖ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਘਰ ਵਿਚ ਅਜਿਹੀ ਵਿਵਸਥਾ ਨਾ ਹੋਣ ‘ਤੇ ਅਜਿਹੇ ਮਰੀਜ਼ਾਂ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਘਰ ਵਿਚ ਵੱਖ ਰਹਿਣ ਵਾਲੇ ਮਰੀਜ਼ਾਂ ਤੋਂ ਅੰਡਰਟੇਕਿੰਗ ਲਈ ਜਾਵੇਗੀ ਅਤੇ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰਹਿਣਗੇ।
               ਡਾ. ਮਲਹੋਤਰਾ ਨੇ ਦੱਸਿਆ ਕਿ ਕਮਾਂਡੋ ਟਰੇਨਿੰਗ ਸਕੂਲ ਬਹਾਦਰਗੜ੍ਹ ਵਿਖੇ ਅੱਜ ਦੂਜੇ ਦਿਨ ਵੀ ਕਮਾਂਡੋ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਅੱਜ ਵੀ 40 ਕਮਾਂਡੋ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 696 ਸੈਂਪਲ ਲਏ ਗਏ ਹਨ।
                 ਜਿਲ੍ਹੇ ਵਿਚ ਹੁਣ ਤੱਕ ਕੋਵਿਡ ਜਾਂਚ ਸਬੰਧੀ 12301 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 158 ਕੋਵਿਡ ਪੌਜਟਿਵ, 10569 ਨੈਗੇਟਿਵ ਅਤੇ 1574 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿੱਚੋਂ ਤਿੰਨ ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 124 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 31 ਹੈ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …