Saturday, March 7, 2026

ਜਿਲ੍ਹੇ ‘ਚ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦਾ ਆਗਾਜ਼ – ਪ੍ਰਚਾਰ ਵਾਹਨ ਕੀਤਾ ਰਵਾਨਾ

ਮਿਸ਼ਨ ਫ਼ਤਿਹ ਤਹਿਤ ਕੋਰੋਨਾ ਯੋਧਿਆਂ ਤੇ ਆਮ ਨਾਗਰਿਕਾਂ ਨੂੰ ਮਿਲਣਗੇ ਬੈਜ਼, ਟੀ-ਸ਼ਰਟਾਂ ਤੇ ਸਰਟੀਫਿਕੇਟ

ਲੌਂਗੋਵਾਲ, 15 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹੇ `ਚ ਮਿਸ਼ਨ ਫ਼ਤਿਹ ਤਹਿਤ ਕੋਵਿਡ ਤੋਂ ਬਚਾਅ ਲਈ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ

ਦੀ ਇੱਕ ਵੱਡੀ ਮੁਹਿੰਮ ਦਾ ਆਗਾਜ਼ ਐਤਵਾਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਪ੍ਰਚਾਰ ਵਾਹਨਾਂ ਰਾਹੀਂ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ `ਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
              ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਕੋਵਿਡ ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ `ਮਿਸ਼ਨ ਫ਼ਤਿਹ` ਤਹਿਤ ਜ਼ਿਲ੍ਹੇ ਵਿੱਚ ਜ਼ਮੀਨੀ ਗਤੀਵਿਧੀਆਂ ‘ਤੇ ਆਧਾਰਿਤ ਸਪਤਾਹ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ।
                     ਉਨ੍ਹਾਂ ਕਿਹਾ ਕਿ 15 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਸਪਤਾਹਿਕ ਗਤੀਵਿਧੀਆਂ ਦਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਪ੍ਰਤੀਕ ਬੈਜ਼ ਦਿੱਤੇ ਜਾਣਗੇ।ਕੋਰੋਨਾ ਯੋਧਿਆਂ ਵਲੋਂ ਇਹ ਬੈਜ਼ ਲਗਾ ਕੇ ਅਤੇ ਮਾਸਕ ਪਾ ਕੇ ਆਪਣੀ ਸੈਲਫ਼ੀ ਖਿੱਚ ਕੇ ਕੋਵਾ ਐਪ `ਤੇ ਅਪਲੋਡ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ।ਇਨ੍ਹਾਂ ਕੋਰੋਨਾ ਯੋਧਿਆਂ ਵਿੱਚ ਪ੍ਰਸ਼ਾਸਨਿਕ, ਪੁਲਿਸ, ਡਾਕਟਰ, ਮੈਡੀਕਲ ਸਟਾਫ਼, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਫ਼ਾਈ ਵਰਕਰ, ਜੀ.ਓ.ਜੀਜ਼, ਸਰਪੰਚ, ਸਵੈ ਸੇਵੀ ਸੰਗਠਨ ਆਦਿ ਸ਼ਾਮਿਲ ਹੋਣਗੇ।ਇਸ ਤੋਂ ਬਾਅਦ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵਲੋਂ ਬੈਜ ਲਗਾ ਕੇ ਆਪੋ ਆਪਣੇ ਪਿੰਡ ਦੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੱਸ ਕੇ ਪ੍ਰੇਰਿਤ ਕੀਤਾ ਜਾਵੇਗਾ।ਇਸੇ ਤਰ੍ਹਾਂ 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਬੈਜ਼ ਲਗਾ ਕੇ ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇਗਾ ਅਤੇ ਕੋਵਿਡ ਦੀ ਰੋਕਥਾਮ ਲਈ ਅਹਿਮ ਬਚਾਅ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮੁੜ ਪ੍ਰਚਾਰ ਵਾਹਨਾਂ ਰਾਹੀਂ 18 ਜੂਨ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।19 ਜੂਨ ਨੂੰ ਜ਼ਿਲ੍ਹੇ ਦੀਆਂ ਐਨ.ਜੀ.ਓ ਵਲੋਂ ਬੈਜ਼ ਲਗਾ ਕੇ ਆਪੋ ਆਪਣੇ ਇਲਾਕੇ ਵਿੱਚ ਅਜਿਹੀਆਂ ਜਾਗਰੂਕ ਗਤੀਵਿਧੀਆਂ ਕੀਤੀਆਂ ਜਾਣਗੀਆਂ।20 ਜੂਨ ਨੂੰ ਜ਼ਿਲ੍ਹਾ ਪੁਲਿਸ ਵਲੋਂ ਬਜ਼ ਲਗਾ ਕੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨ ਕਰਨ ਦੀ ਗਤੀਵਿਧੀ ਵੀ ਹੋਵੇਗੀ।ਜਦਕਿ ਨਗਰ ਕੌਂਸਲਾਂ ਵਲੋਂ ਰੈਜੀਡੈਂਟ ਵੈਲਫੇਅਰ ਕਮੇਟੀਆਂ ਤੇ ਸ਼ਹਿਰੀਆਂ ਰਾਹੀਂ ਜਾਗਰੂਕਤਾ ਮੁਹਿੰਮ ਵੀ ਹਫਤਾਵਾਰੀ ਗਤੀਵਿਧੀਆਂ ਦਾ ਹਿੱਸਾ ਹੋਵੇਗੀ।
                 ਥੋਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ `ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ `ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਬੈਜ, ਟੀ-ਸ਼ਰਟ ਅਤੇ ਵੱਖ-ਵੱਖ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜਾਈ ਕੀਤੀ ਜਾ ਸਕੇ।ਕੋਵਾ ਐਪ ਰਾਹੀਂ ਮਿਸ਼ਨ ਫਤਿਹ ਯੋਧਿਆਂ ਦੀ ਚੋਣ ਹੋਵੇਗੀ।ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿੱਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ `ਤੇ ਰਜਿਸਟ੍ਰੇਸ਼ਨ 17 ਜੂਨ ਤੋਂ ਸ਼ੁਰੂ ਹੋਵੇਗੀ।
               ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਬਲਾਕ ਪੱਧਰ ‘ਤੇ ਮਿਸ਼ਨ ਫ਼ਤਿਹ ਬਾਰੇ ਪ੍ਰਚਾਰ ਲਈ ਵਾਹਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …