ਕੋਆ ਐਪ ਡਾਊਨਲੋਡ ਕਰਕੇ ਕੀਤੀ ਜਾ ਸਕਦੀ ਹੈ ਸ਼ੁਰੂਆਤ
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਵਾਇਰਸ ਤੋਂ ਕੇਵਲ ਥੋੜ੍ਹੀ ਜਿਹੀ ਸਾਵਧਾਨੀ ਅਪਨਾ ਕੇ ਹੀ ਬਚਿਆ ਜਾ ਸਕਦਾ ਹੈ।ਇਸ ਲਈ
ਪੰਜਾਬ ਸਰਕਾਰ ਵਲੋਂ ਇਨਾਂ ਸਾਵਧਾਨੀਆਂ ਦਾ ਪਾਲਣ ਕਰਨ ਲਈ ਲੋਕਾਂ ਤੱਕ ਪਹੁੰਚ ਕਰਨ ਵਾਸਤੇ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਮਿਸ਼ਨ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਮਿਸ਼ਨ ਵਾਰੀਅਰ ਵੀ ਰਾਜ ਪੱਧਰ ‘ਤੇ ਐਲਾਨਣ ਦਾ ਫੈਸਲਾ ਕੀਤਾ ਗਿਆ ਹੈ, ਜਿਨਾਂ ਨੂੰ ਮੁੱਖ ਮੰਤਰੀ ਦੁਆਰਾ ਸਰਟੀਫਿਕੇਟ ਅਤੇ ਟੀ-ਸ਼ਰਟ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਆਪਣੇ ਮੋਬਾਈਲ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ।ਇਸ ਵਿਚ ਸੰਖੇਪ ਪ੍ਰਸ਼ਨਵਲੀ ਦਾ ਉਤਰ ਦੇ ਕੇ ਮੁਹਿੰਮ ਵਿਚ ਹਿੱਸਾ ਲਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾਵਾਂ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾਵੇਗੀ।
ਕੌਣ ਹਨ ਮਿਸ਼ਨ ਵਾਰੀਅਰਜ਼-
ਸਿਹਤ ਵਿਭਾਗ ਵਲੋਂ ਕੋਵਿਡ 19 ਤੋਂ ਬਚਣ ਲਈ ਦਿੱਤੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਵਾਲਾ ਹਰ ਨਾਗਰਿਕ ਅਤੇ ਉਨਾਂ ਨੂੰ ਅੱਗੇ ਅਪਨਾਉਣ ਦਾ ਸੰਦੇਸ਼ ਵੰਡਣ ਵਾਲਾ ਹਰ ਆਦਮੀ ਮਿਸ਼ਨ ਵਾਰੀਅਰਜ਼ ਹੈ।ਕੋਵਾ ਐਪ ਡਾਊਨਲੋਡ ਕਰਨ, ਉਸ ਨੂੰ ਅਗੇ ਡਾਊਨਲੋਡ ਲਈ ਪ੍ਰੇਰਿਤ ਕਰਨ ਅਤੇ ਸੁਰੱਖਿਆ ਵਰਤਣ ਦੇ ਅੰਕ ਦਿੱਤੇ ਜਾਣਗੇ। ਇੰਨਾਂ ਦੇ ਅਧਾਰ ‘ਤੇ ਅਗਲੇ 28 ਦਿਨ ਰੋਜ਼ਾਨਾ ਪੰਜਾਬ ਭਰ ਵਿਚ 25 ਮਿਸ਼ਨ ਵਾਰੀਅਰਜ਼ ਐਲਾਨੇ ਜਾਣਗੇ, ਜਿੰਨਾਂ ਨੂੰ ਮਿਸ਼ਨ ਵਾਰੀਅਰਜ਼ ਕਾਂਸੀ ਦੇ ਸਰਟੀਫਿਕੇਟ ਅਤੇ ਟੀ-ਸ਼ਰਟ ਨਾਲ ਸਨਮਾਨਿਤ ਕੀਤਾ ਜਾਵੇਗਾ।ਇਹ ਗਿਣਤੀ 28 25=700 ਵਾਰੀਅਰਜ਼ ਦੀ ਹੈ।
ਇਸੇ ਤਰਾਂ ਜੋ ਵਿਅਕਤੀ ਹਫਤੇ ਭਰ ਲਈ ਇਸੇ ਤਰਾਂ ਸਰਗਰਮ ਰਹਿਣਗੇ, ਉਨਾਂ ਨੂੰ ਮਿਸ਼ਨ ਵਾਰੀਅਰਜ਼ ਸਿਲਵਰ ਸਰਟੀਫਿਕੇਟ, ਟੀ-ਸ਼ਰਟ ਨਾਲ ਸਨਮਾਨਿਤ ਕੀਤਾ ਜਾਵੇਗਾ।ਹਰ ਹਫਤੇ ਪੰਜਾਬ ਭਰ ਵਿੱਚ 50 ਮਿਸ਼ਨ ਵਾਰੀਅਰਜ਼ ਐਲਾਨੇ ਜਾਣਗੇ, ਭਾਵ 4 ਹਫਤਿਆਂ ਵਿਚ 200 ਮਿਸ਼ਨ ਵਾਰੀਅਰ।ਜੋ ਵਿਅਕਤੀ ਮਹੀਨਾ ਭਰ ਕੀਤੀਆਂ ਸਰਗਰਮੀਆਂ ਵਿੱਚ ਵੱਧ ਅੰਕ ਪ੍ਰਾਪਤ ਕਰਨਗੇ, ਉਨਾਂ ਨੂੰ ਮਿਸ਼ਨ ਵਾਰੀਅਰਜ਼ ਗੋਲਡ ਸਰਟੀਫਿਕੇਟ ਅਤੇ ਟੀ-ਸ਼ਰਟ ਨਾਲ ਸਨਮਾਨਿਆ ਜਾਵੇਗਾ।ਅਜਿਹੇ 100 ਵਾਰੀਅਰਜ਼ ਮਹੀਨੇ ਬਾਅਦ ਐਲਾਨੇ ਜਾਣਗੇ।ਇਸ ਤਰਾਂ ਕੁੱਲ 1000 ਮਿਸ਼ਨ ਵਾਰੀਅਰਜ਼ ਪੰਜਾਬ ਭਰ ਵਿਚ ਐਲਾਨੇ ਜਾਣਗੇ।ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇਸ ਮਿਸ਼ਨ ਵਿਚ ਸਰਗਰਮ ਭੂਮਿਕਾ ਨਿਭਾਉਣ, ਤਾਂ ਜੋ ਕੋਵਿਡ ਦੇ ਖ਼ਤਰੇ ਨੂੰ ਰੋਕਿਆ ਜਾ ਸਕੇ।
Punjab Post Daily Online Newspaper & Print Media