Saturday, March 7, 2026

ਯੂਨੀਵਰਸਿਟੀ ਦੇ ਸਾਇੰਸ ਕਲੱਬ ਵੱਲੋਂ ਬ੍ਰਹਿਮੰਡ ਵਿਗਿਆਨ ਵਿਸ਼ੇ` ਤੇ ਕਾਨਫਰੰਸ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਸਾਇੰਸ ਕਲੱਬ (ਸਾਈਰੌਕਸ) ਵੱਲੋਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਕਲੱਬ, ਸਟੈਲਰ ਯੂਨੀਵਰਸ ਦੇ ਸਹਿਯੋਗ ਨਾਲ ਖਗੋਲ ਅਤੇ ਬ੍ਰਹਿਮੰਡ ਵਿਗਿਆਨ ਵਿਸ਼ੇ `ਤੇ ਪਹਿਲੀ ਆਨਲਾਈਨ ਕਾਨਫਰੰਸ `ਐਸਟ੍ਰੋ ਰੀਟਰੀਟ 20` ਦਾ ਆਯੋਜਨ ਕੀਤਾ।ਇਸ ਕਾਨਫਰੰਸ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨ ਭੌਤਿਕ ਵਿਗਿਆਨੀਆਂ ਨੂੰ ਖਗੋਲ ਅਤੇ ਬ੍ਰਹਿਮੰਡ ਵਿਗਿਆਨ ਦੇ ਖੇਤਰ ਵਿੱਚ ਸਮਕਾਲੀ ਸਮੇਂ ਦੀਆਂ ਚੁਣੌਤੀਆਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ।
              ਨਾਮਵਰ ਭੌਤਿਕ ਵਿਗਿਆਨੀ, ਪ੍ਰੋ. (ਡਾ.) ਅਵਿਨਾਸ਼ ਦੇਸ਼ਪਾਂਡੇ (ਆਈਯੂਸੀਏਏ ਅਤੇ ਆਈਆਈਟੀ ਕਾਨਪੁਰ) ਅਤੇ ਪ੍ਰੋਫੈਸਰ ਡਾ. ਜਸਜੀਤ ਬਾਗਲਾ (ਆਈਆਈਐਸਆਈਆਰ ਮੁਹਾਲੀ) ਵਿਸ਼ੇ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।ਕਾਨਫਰੰਸ ਦੌਰਾਨ ਅੰਡਰਗ੍ਰੈਜੁਏਟ ਅਤੇ ਪੀਐਚਡੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਕੁੱਲ 13 ਮੌਖਿਕ ਆਡੀਓ-ਵਿਜ਼ੂੂਅਲ ਪੇਸ਼ਕਾਰੀ ਅਤੇ 26 ਪੋਸਟਰਾਂ ਦੀ ਪੇਸ਼ਕਾਰੀ ਕੀਤੀ ਗਈ।
             ਡੀਨ ਅਕਾਦਮਿਕ ਮਾਮਲੇ ਡਾ. ਸਰਬਜੋਤ ਸਿੰਘ ਬਹਿਲ ਅਤੇ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਨੇ ਕਾਨਫ਼ਰੰਸ ਦਾ ਉਦਘਾਟਨ ਕੀਤਾ।ਪ੍ਰੋ. ਬਹਿਲ ਨੇ ਕਿਹਾ ਕਿ “ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਅਤੇ ਅਜਿਹੀ ਕਾਨਫਰੰਸ ਦਾ ਆਯੋਜਨ ਕਰਦਿਆਂ ਵੇਖਣਾ ਇਕ ਚੰਗੇ ਭਵਿੱਖ ਦੀ ਨਿਸ਼ਾਨੀ ਹੈ।ਇਸ ਕਾਨਫਰੰਸ ਨੇ ਨਾ ਸਿਰਫ ਸਾਨੂੰ ਖਗੋਲ ਅਤੇ ਬ੍ਰਹਿਮੰਡ ਵਿਗਿਆਨ ਬਾਰੇ ਗਿਆਨ ਵਿਚ ਅਮੀਰ ਬਣਾਇਆ ਸਗੋਂ ਪ੍ਰਬੰਧਕੀ ਵਿਦਿਆਰਥੀ ਸੰਗਠਨਾਂ ਨੂੰ ਵੀ ਪ੍ਰੋਗਰਾਮ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਸਿੱਖਣ ਵਿਚ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਸਮਾਗਮ ਹੋਰ ਵਿਦਿਆਰਥੀ ਸੰਸਥਾਵਾਂ ਅਤੇ ਸਿੱਖਿਆ ਖੇਤਰ ਦੇ ਲੋਕਾਂ ਲਈ ਆਨਲਾਈਨ ਕਾਨਫਰੰਸ ਲਈ ਇਕ ਮਾਪਦੰਡ ਬਣੇਗਾ। ਫਿਜ਼ਿਕਸ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰ ਪ੍ਰੋ. ਆਰ.ਸੀ ਸਿੰਘ ਅਤੇ ਪ੍ਰੋਫੈਸਰ ਐਨ ਪੀ ਐਸ ਸੈਣੀ ਵੀ ਇਸ ਕਾਨਫਰੰਸ ਦਾ ਹਿੱਸਾ ਸਨ।
                ਡਾ. ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦੇ ਹਿੱਤ ਲਈ ਹਮੇਸ਼ਾ ਵਚਨਬੱਧ ਹੈ ਅਤੇ ਆਨਲਾਈਨ ਸਰੋਤਾਂ ਦੇ ਜ਼ਰੀਏ ਵਿਦਿਆਰਥੀ ਦੀਆਂ ਸਿਖਿਆ ਨੂੰ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸ ਵਿਦਿਆਰਥੀਆਂ ਦੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਦੀਆਂ ਹਨ। ਐਸਟ੍ਰੋ ਰੀਟਰੀਟ ਕਾਨਫਰੰਸ ਵਿਚ ਵਿਗਿਆਨਕ ਵਿਸ਼ਿਆਂ ਜਿਵੇਂ ਰਿਲੇਟੀਵਿਟੀ ਅਤੇ ਗਰੈਵੀਟੇਸ਼ਨ, ਬ੍ਰਹਿਮੰਡ ਵਿਗਿਆਨ, ਉੱਚ ਰਜਾ ਭੌਤਿਕ ਵਿਗਿਆਨ, ਕੁਆਂਟਮ ਮਕੈਨਿਕਸ ਅਤੇ ਐਪਲੀਕੇਸ਼ਨਜ਼, ਖਗੋਲ ਵਿਗਿਆਨ, ਤਾਰਾ ਅਤੇ ਗ੍ਰਹਿ ਵਿਗਿਆਨ, ਖਗੋਲ ਤੇ ਜੋਤਿਸ਼ ਵਿਗਿਆਨ, ਬੁਨਿਆਦੀ ਖਗੋਲ ਵਿਗਿਆਨ ਅਤੇ ਪੁਲਾੜ ਨੂੰ ਸਮਝਣ ਅਤੇ ਮੌਜੂਦਾ ਦੌਰ ਦੀਆਂ ਚੁਣੌਤੀਆਂ `ਤੇ ਚਰਚਾ ਕੀਤੀ ਗਈ।
            ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੇ ਸੌਰਭ, ਇਸ਼ਿਤਾ, ਰਿਸ਼ਬ, ਸਿਮਰਨਪ੍ਰੀਤ, ਸ਼ੰਕਰ, ਪ੍ਰਿਯਮਵਦਾ, ਅਭਿਜੀਤ, ਪ੍ਰੀਤੀ, ਅਤੇ ਯਤਿਨ ਦੇ ਡਾ. ਵਿਨਸ ਸਿੰਘ ਮਿੱਠੂ ਦੇ ਸਹਿਯੋਗ ਨਾਲ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਗਤੀਵਿਧੀਆਂ ਲਈ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …