ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਸ੍ਰੀ ਗੁਰੂ
ਨਾਨਕ ਦੇਵ ਜੀ ਦੀ ਯਾਦ ਵਿਚ ਬਣੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਸਰਕਾਰ ਦਾ ਇਹ ਫੈਸਲਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੱਤਾ।ਲੌਂਗੋਵਾਲ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਸੂਬੇ ਵਿੱਚੋਂ ਸਿੱਖ ਵਿਰਾਸਤ ਨੂੰ ਮਿਟਾਉਣ ਵਾਲਾ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਲੌਂਗੋਵਾਲ ਨੇ ਆਖਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸਥਾਪਿਤ ਕੀਤਾ ਗਿਆ ਥਰਮਲ ਪਲਾਂਟ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਹੈ।ਇਸ ਨੂੰ ਸਰਕਾਰ ਵੱਲੋਂ ਖਤਮ ਕਰਨ ਦਾ ਫੈਸਲਾ ਮੰਦਭਾਗਾ ਹੈ।ਇਹ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਹੈ ਕਿ ਸਰਕਾਰ ਖਿੱਤੇ ਦੀ ਵਿਰਾਸਤ ਨੂੰ ਹੀ ਮਿਟਾ ਦੇਵੇ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੀ ਸਰਕਾਰ ਨੇ ਸੂਬੇ ਅੰਦਰ ਬਣੀਆਂ ਵਿਰਾਸਤੀ ਯਾਦਗਾਰਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਆਪਹੁਦਰਾ ਫੈਸਲਾ ਲਿਆ ਹੈ ਅਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਦੀ ਹੋਂਦ ਨੂੰ ਖਤਮ ਕਰਨ ’ਤੇ ਮੋਹਰ ਲਗਾ ਦਿੱਤੀ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣੇ ਥਰਮਲ ਪਲਾਂਟ ਦੀ ਹੋਂਦ ਨੂੰ ਬਚਾਈ ਰੱਖਣ ਲਈ ਕੈਬਨਿਟ ਦੇ ਫੈਸਲੇ ਨੂੰ ਮੁੜ ਵਿਚਾਰਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media