ਆਰਥਿਕ ਮੰਦਹਾਲੀ ਦੇ ਸ਼ਿਕਾਰ ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਮੰਗਾਉਣ ਦੀ ਲਗਾਈ ਗੁਹਾਰ
ਧੂਰੀ, 4 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਨਾਮੀ ਇੱਕ ਨੌਜਵਾਨ ਜੋ ਕਿ ਕਰੀਬ ਸਵਾ ਦੋ ਸਾਲ ਆਰਥਿਕ ਤੰਗੀਆਂ-
ਤੁਰਸ਼ੀਆਂ ਦਾ ਸਾਹਮਣਾ ਕਰਦੇ ਹੋਏ ਰੁਜ਼ਗਾਰ ਦੀ ਭਾਲ ਵਿੱਚ ਆਪਣੇ ਬਾਲ-ਬੱਚੇ ਧੂਰੀ ਵਿਖੇ ਛੱਡ ਕੇ ਇਕੱਲਾ ਹੀ ਦੁਬਈ ਗਿਆ ਸੀ, ਦੀ ਬੀਤੀ ਕੱਲ ਦੁਬਈ ਵਿਖੇ ਮੌਤ ਹੋ ਜਾਣ ਦੀ ਸੂਚਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਜਨਤਾ ਨਗਰ ਧੂਰੀ ਵਿਖੇ ਮ੍ਰਿਤਕ ਗੁਰਮੁੱਖ ਸਿੰਘ ਦੇ ਵੱਡੇ ਭਰਾ ਦਰਸ਼ਨ ਸਿੰਘ ਅਤੇ ਬਜ਼ੁਰਗ ਪਿਤਾ ਗੁਰਜੰਟ ਸਿੰਘ ਨੇ ਦੁੱਖੀ ਮਨ ਨਾਲ ਦੱਸਿਆ ਕਿ ਗੁਰਮੁੱਖ ਸਿੰਘ ਘਰੇਲੂ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਚਲਦਿਆਂ ਰੁਜ਼ਗਾਰ ਦੀ ਭਾਲ ਵਿੱਚ ਕਰੀਬ ਸਵਾ ਦੋ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਸ਼ਾਰਜਾਹ ਸ਼ਹਿਰ ਵਿਖੇ ਮਜ਼ਦੂਰੀ ਕਰਨ ਲੱਗ ਪਿਆ ਸੀ।ਪ੍ਰੰਤੂ ਬੀਤੀ ਕੱਲ ਸਾਨੂੰ ਦੁਬਈ ਤੋਂ ਕਿਸੇ ਵਿਅਕਤੀ ਨੇ ਟੈਲੀਫੋਨ ‘ਤੇ ਸੂਚਨਾ ਦਿੰਦਿਆਂ ਦੱਸਿਆ ਕਿ ਗੁਰਮੁੱਖ ਸਿੰਘ ਦੀ ਦੁਬਈ ਵਿਖੇ ਮੌਤ ਹੋ ਗਈ ਹੈ।ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਆਪਣੇ ਬੇਟੇ ਦੀ ਦੇਹ ਪੰਜਾਬ ਲਿਆਉਣ ਦਾ ਖਰਚਾ ਕਰਨ ਤੋਂ ਪੂਰੀ ਤਰਾਂ੍ਹ ਅਸਮਰੱਥ ਹੈ।
ਇਸੇ ਦੌਰਾਨ ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ, ਬਸਪਾ ਆਗੂ ਅਤੇ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ, ਆਪ ਆਗੂ ਸੰਦੀਪ ਸਿੰਗਲਾ, ਸਾਬਕਾ ਕੌਂਸਲਰ ਅਮਰੀਕ ਸਿੰਘ, ਅਕਾਲੀ ਆਗੂ ਗਮਦੂਰ ਸਿੰਘ ਜਵੰਧਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ, ਜ਼ਿਲਾ੍ਹ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਭਗਵੰਤ ਮਾਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜਸੇਵੀ ਐਸ.ਪੀ.ਸਿੰਘ ਓਬਰਾਏ ਨੂੰ ਅਪੀਲ ਕੀਤੀ ਹੈ ਕਿ ਧੂਰੀ ਜ਼ਿਲਾ ਸੰਗਰੂਰ ਵਿਖੇ ਆਰਥਿਕ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੇ ਇਸ ਦਲਿਤ ਪਰਿਵਾਰ ਦੇ ਨੌਜਵਾਨ ਦੀ ਦੇਹ ਪੰਜਾਬ ਲਿਆਉਣ ਵਿੱਚ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ-ਸਸਕਾਰ ਕਰ ਸਕਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media