Tuesday, February 3, 2026

ਪੀੜਤਾਂ ਨਾਲ ਬੇਇਨਸਾਫ਼ੀ ਤੇ ਜਨਤਾ ਦੀਆਂ ਅੱਖਾਂ ‘ਚ ਘੱਟਾ ਹੈ ਜੌੜਾ ਫਾਟਕ ਰੇਲ ਹਾਦਸੇ ਦੀ ਜਾਂਚ- ਚੀਮਾ

ਨਾ ਨੌਕਰੀ, ਨਾ ਪੂਰਾ ਮੁਆਵਜ਼ਾ ਅਤੇ ਨਾ ਚੁੱਕੀ ਬੱਚਿਆਂ ਦੀ ਜ਼ਿੰਮੇਵਾਰੀ -ਕੁਲਦੀਪ ਧਾਲੀਵਾਲ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਲ 2018 ‘ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਜੋੜਾ ਫਾਟਕ ਰੇਲ ਹਾਦਸੇ ‘ਚ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਕਾਰਵਾਈ ਨੂੰ ਮਹਿਜ਼ ਖਾਨਾਪੂਰਤੀ ਕਿਹਾ ਹੈ।
             ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਕਰੀਬ 2 ਸਾਲ ਬਾਅਦ ਆਈ ਜਾਂਚ ਰਿਪੋਰਟ ਪੀੜਤਾਂ ਨਾਲ ਬੇਇਨਸਾਫ਼ੀ ਤੇ ਜਨਤਾ ਦੀਆਂ ਅੱਖਾਂ ‘ਚ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ।
             ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਬੇਹੱਦ ਦਰਦਨਾਕ ਹਾਦਸੇ ‘ਚ 58 ਜਾਨਾਂ ਗਈਆਂ, ਦਰਜਨਾਂ ਲੋਕ ਜ਼ਖਮੀ ਹੋਏ ਅਤੇ ਕਈ ਘਰ ਪੂਰੀ ਤਰਾਂ ਖ਼ਤਮ ਹੋ ਗਏ, ਪ੍ਰੰਤੂ ਸਰਕਾਰ ਨੇ ਅਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਚਾਰਜਸ਼ੀਟ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਬਚਾਅ ਲਿਆ।
             ਚੀਮਾ ਅਨੁਸਾਰ ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।ਇਥੋਂ ਤੱਕ ਕਿ ਪੀੜਤ ਪਰਿਵਾਰਾਂ ਦੇ ਬੇਸਹਾਰਾ ਹੋਏ ਬੱਚਿਆਂ ਦੀ ਜ਼ਿੰਮੇਵਾਰੀ ਚੁੱਕੇ ਜਾਣ ਵਾਲੇ ਵਾਅਦੇ ਵੀ ਨਹੀਂ ਨਿਭਾਏ ਗਏ।ਜਦਕਿ ਪੀੜਤ ਪਰਿਵਾਰਾਂ ਨੂੰ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ਾ, ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਦੀ ਮੁਫ਼ਤ ਪੜਾਈ ਦੀ ਜ਼ਿੰਮੇਵਾਰੀ ਚੁੱਕ ਕੇ ਸਰਕਾਰ ਜ਼ਖ਼ਮਾਂ ‘ਤੇ ਮਲ੍ਹਮ ਲਗਾਉਂਦੀ।
             ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਜਾਂਚ ਮਹਿਜ਼ ਖਾਨਾਪੂਰਤੀ ਸਾਬਤ ਹੋਈ ਹੈ, ਇਥੋਂ ਤੱਕ ਕਿ ਪਹਿਲਾਂ ਕਰਵਾਈ ਮੈਜਿਸਟ੍ਰੇਟ ਜਾਂਚ ‘ਚ ਦੋਸ਼ੀ ਪਾਏ ਗਏ ਕਾਂਗਰਸੀ ਐਮ.ਸੀ ਸਮੇਤ ਸਾਰੇ ਜ਼ਿੰਮੇਵਾਰ ਸਿਆਸੀ ਲੋਕਾਂ ਨੂੰ ਬਚਾਅ ਲਿਆ ਗਿਆ।
              ‘ਆਪ’ ਆਗੂਆਂ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਨਵੇਂ ਸਿਰਿਓਂ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ।ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਨੂੰ ਘੱਟੋ ਘੱਟ 50 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।
ਚੀਮਾ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਖਾਨਾਪੂਰਤੀ ਦਾ ਪੰਜਾਬ ਵਿਧਾਨ ਸਭਾ ‘ਚ ਹਿਸਾਬ ਮੰਗਣਗੇ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …