ਸਮਰਾਲਾ, 11 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਮਰਾਲਾ ਨੇ ਅੱਜ ਬਿਜਲੀ ਬਿੱਲ 2020 ਖਿਲਾਫ 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਬਿਜਲੀ ਮੰਤਰੀ ਨੂੰ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਰਾਹੀਂ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਹੇਠ ਮੰਗ ਪੱਤਰ ਭੇਜਿਆ ਗਿਆ।ਮੰਗ ਪੱਤਰ ਦੇਣ ਤੋਂ ਪਹਿਲਾਂ ਸਮੂਹ ਪੈਨਸ਼ਨਰਾਂ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਤੇ ਜਥੇਬੰਦੀ ਦੇ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਡਿਸਟੈਂਸ ਅਤੇ ਮਾਸਕ ਵਰਗੇ ਨਿਯਮਾਂ ਦੀ ਪੂਰਨ ਰੂਪ ‘ਚ ਪਾਲਣਾ ਕੀਤੀ ਗਈ।
ਇਸ ਸਮੇਂ ਅਹੁਦੇਦਾਰਾਂ ਨੇ ਕਿਹਾ ਕਿ ਉਕਤ ਬਿੱਲ ਦੇ ਪਾਸ ਹੋਣ ਕਾਰਣ ਸਮਾਜ ਦੇ ਗਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ, ਉਥੇ ਹੀ ਉਕਤ ਬਿੱਲ ਨਾਲ ਬਿਜਲੀ ਪੈਨਸ਼ਨਰਾਂ/ ਕਰਮਚਾਰੀਆਂ ਦੇ ਹੱਕਾਂ ’ਤੇ ਵੀ ਭਾਰੀ ਸੱਟ ਵੱਜੇਗੀ।ਪੈਨਸ਼ਨਰਾਂ ਦੇ ਭਖਦੇ ਮਸਲੇ ਜਿਵੇਂ ਬਿਜਲੀ ਬਿੱਲ ਵਿੱਚ ਵਰਤੋਂ ਦੀ ਰਿਆਇਤ, ਡੀ.ਏ ਦੀਆਂ ਬਕਾਇਆ ਕਿਸ਼ਤਾਂ, ਪੇਅ ਸਕੇਲ ਲਾਗੂ ਕਰਨਾ, 16-23 ਸਾਲਾ ਸਕੇਲ ਦੇਣਾ, ਮੈਡੀਕਲ ਬਿਲ 2500 ਰੁਪਏ ਕਰਨਾ ਅਤੇ ਬਕਾਇਆ ਪਏ ਮੈਡੀਕਲ ਬਿਲ ਪਾਸ ਕਰਨ ਬਾਰੇ ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨ ਤੋਂ ਮੰਗ ਕੀਤੀ ਗਈ।ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰਾਂ ਨੇ ਨਵੇਂ ਬਿਜਲੀ ਬਿੱਲ ਨੂੰ ਵਾਪਸ ਨਾ ਲਿਆ ਤਾਂ ਸਮੂਹ ਪੈਨਸ਼ਨਰਜ਼ ਹੋਰ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਜੋਰਦਾਰ ਸੰਘਰਸ਼ ਆਰੰਭਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਾਲ 2010 ਤੋਂ ਪਹਿਲਾਂ ਇਹ ਅਦਾਰਾ ਜਦੋਂ ਖੁਦਮੁਖਤਿਆਰ ਬਿਜਲੀ ਬੋਰਡ ਸੀ ਤਾਂ ਉਸ ਮੌਕੇ ਆਮ ਲੋਕਾਂ ਨੂੰ ਤਿੰਨ ਰੁਪਏ ਤੋਂ ਘੱਟ ਰੇਟ ਤੇ ਬਿਜਲੀ ਮਿਲਦੀ ਸੀ, ਜਦ ਕਿ ਹੁਣ 10 ਰੁਪਏ ਤੋਂ ਉਪਰ ਪ੍ਰਤੀ ਯੂਨਿਟ ਮਿਲ ਰਹੀ ਹੈ। ਹੁਣ ਜੇਕਰ 2020 ਬਿਜਲੀ ਬਿੱਲ ਪਾਸ ਹੋ ਗਿਆ ਤਾਂ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।
ਮੰਗ ਪੱਤਰ ਦੇਣ ਵਾਲਿਆਂ ਵਿੱਚ ਪ੍ਰੇਮ ਸਿੰਘ ਐਸ.ਡੀ.ਓ (ਰਿਟਾ:) ਸੀਨੀਅਰ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਰਾਜਿੰਦਰ ਵਡੇਰਾ ਕਾਨੂੰਨੀ ਸਲਾਹਕਾਰ, ਪ੍ਰੇਮ ਕੁਮਾਰ ਸਰਕਲ ਰੋਪੜ ਆਗੂ, ਮੋਹਣ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਪਵਨ ਕੁਮਾਰ, ਜਥੇਦਾਰ ਕੁਲਵੰਤ ਸਿੰਘ, ਪ੍ਰੇਮ ਚੰਦ ਭਲਾ ਲੋਕ, ਭੁਪਿੰਦਰਪਾਲ ਚਹਿਲਾਂ, ਗੁਰਦੇਵ ਸਿੰਘ ਖਮਾਣੋਂ ਆਦਿ ਸ਼ਾਮਲ ਸਨ।
Punjab Post Daily Online Newspaper & Print Media