Friday, September 11, 2026

ਡਾ. ਓਬਰਾਏ ਹੁਣ ਅੰਮ੍ਰਿਤਸਰ ਏਅਰਪੋਰਟ ਦੇ ਮੁਲਾਜ਼ਮਾਂ ਦੀ ਮਦਦ ਲਈ ਆਏ ਅੱਗੇ

90 ਜ਼ਰੂਰਤਮੰਦ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤਾ ਇੱਕ-ਇੱਕ ਮਹੀਨੇ ਦਾ ਰਾਸ਼ਨ

ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ) – ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਕਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਵੰਡੇ ਜਾ ਰਹੇ ਸੁੱਕੇ ਰਾਸ਼ਨ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਹਿਲੇ ਪੜਾਅ ‘ਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਵਿਖੇ ਐਵੀਏਸ਼ਨ ਕਲੱਬ ਨਾਲ ਸਬੰਧਿਤ 90 ਜ਼ਰੂਰਤਮੰਦ ਮੁਲਾਜ਼ਮਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਅਤੇ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਡਾ. ਐਸ.ਪੀ ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਕਰੋਨਾ ਮਹਾਂਮਾਰੀ ਕਾਰਨ ਪ੍ਰਭਾਵਿਤ  ਲੋੜਵੰਦ ਪਰਿਵਾਰਾਂ ਨੂੰ ਟਰੱਸਟ ਵਲੋਂ ਅੱਜ ਪਹਿਲੇ ਪੜਾਅ ਤਹਿਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਐਵੀਏਸ਼ਨ ਕਲੱਬ ਅਤੇ ਇੰਡੋ-ਥਾਈ ਏਅਰ ਲਾਈਨ ਦੇ 90 ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ-ਇੱਕ ਮਹੀਨੇ ਦੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ, ਜਦ ਕਿ ਏਅਰਪੋਰਟ ਦੇ 100 ਦੇ ਕਰੀਬ ਹੋਰ ਲੋੜਵੰਦ ਮੁਲਾਜ਼ਮਾਂ ਨੂੰ ਵੀ ਜਲਦ ਹੀ ਰਾਸ਼ਨ ਦਿੱਤਾ ਜਾਵੇਗਾ।

              ਟਰੱਸਟ ਦੇ ਅਹੁਦੇਦਾਰਾਂ ਦੱਸਿਆ ਕਿ ਟਰੱਸਟ ਵਲੋਂ ਹਰ ਮਹੀਨੇ 60 ਹਜ਼ਾਰ ਤੋਂ ਵਧੇਰੇ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਹਜ਼ਾਰ ਪਰਿਵਾਰ ਵੀ ਸ਼ਾਮਲ ਹਨ।
             ਇਸ ਸਮੇਂ ਐਵੀਏਸ਼ਨ ਕਲੱਬ ਦੇ ਅਧਿਕਾਰੀ ਅਜੇਪਾਲ ਸਿੰਘ ਸੋਹਲ, ਇੰਡੋ-ਥਾਈ ਏਅਰ ਲਾਈਨ ਤੋਂ ਸਤਨਾਮ ਸਿੰਘ ਅਤੇ ਹੋਰ ਮੁਲਾਜ਼ਮ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਨਿੱਝਰ ਵੱਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਉਣ ਵਾਲੇ ਸਮਾਜ ਸੇਵੀਆਂ ਅਤੇ ਮੈਡੀਕਲ ਟੀਮ ਦਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਲੋਕਾਂ ਨੂੰ ਮੁਫ਼ਤ …