Wednesday, August 19, 2026

ਡਿਪਟੀ ਕਮਿਸ਼ਨਰ ਵਲੋਂ ਮਾਲ ਅਧਿਕਾਰੀਆਂ ਨੂੰ ਰੈਵੀਨਿਊ ਅਦਾਲਤਾਂ ਤੁਰੰਤ ਸ਼ੁਰੂ ਕਰਨ ਦੇ ਹੁਕਮ

ਬਿਨ੍ਹਾਂ ਝਗੜੇ ਵਾਲੇ ਕੇਸਾਂ ਦੇ ਇੰਤਕਾਲ ਤੇ ਰਿਕਵਰੀ ਵਧਾਉਣ ਦੇ ਵੀ ਨਿਰਦੇਸ਼

ਕਪੂਰਥਲਾ, 10 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਮਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ

ਉਹ ਰੈਵੀਨਿਊ ਅਦਾਲਤਾਂ ਦਾ ਕੰਮ ਤੁਰੰਤ ਸ਼ੁਰੂ ਕਰਨ ਜੋ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਪਹਿਲਾਂ ਕਰੋਨਾ ਕਾਰਨ ਰੋਕਿਆ ਗਿਆ ਸੀ।
ਅੱਜ ਇਥੇ ਜਿਲ੍ਹੇ ਦੇ ਏ.ਡੀ.ਸੀ, ਐਸ.ਡੀ.ਐਮ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਅਦਾਲਤੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਕਰੋਨਾ ਕਾਰਨ ਲਟਕੇ ਪਏ ਕੇਸਾਂ ਦਾ ਨਿਪਟਾਰਾ ਹੋ ਸਕੇ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਕੀਲਾਂ ਨਾਲ ਵੀ ਮੀਟਿੰਗ ਕਰਨ ਤਾਂ ਜੋ ਰੈਵੀਨਿਊ ਅਦਾਲਤੀ ਕੰਮਕਾਜ਼ ਸ਼ੁਰੂ ਕੀਤਾ ਜਾ ਸਕੇ।
                   ਉਨ੍ਹਾਂ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਉਪਰ ਮਾਲ ਵਿਭਾਗ ਨਾਲ ਸਬੰਧਿਤ ਕੇਸਾਂ ਬਾਰੇ ਜਾਣਕਾਰੀ ਅਪਲੋਡ ਕਰਨ ਵਿਚ ਹੋ ਰਹੀ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ 15 ਅਗਸਤ ਤੱਕ ਹਰ ਹਾਲ ਇਸ ਕੰਮ ਨੂੰ ਮੁਕੰਮਲ ਕਰਨ।ਮਾਲ ਵਿਭਾਗ ਨਾਲ ਰਿਕਾਰਡ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਉਪਰ ਅਪਲੋਡ ਹੋਣ ਨਾਲ ਝਗੜੇ ਵਾਲੀਆਂ ਥਾਵਾਂ/ਜ਼ਮੀਨਾਂ/ਪਲਾਟਾਂ ਆਦਿ ਨੂੰ ਧੋਖਾਖੜੀ ਨਾਲ ਵੇਚਣ ਦੇ ਕੰਮ ਨੂੰ ਰੋਕਿਆ ਜਾ ਸਕੇਗਾ।ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਲ੍ਹਾ ਕਪੂਰਥਲਾ ਦੇ ਸਾਰੇ ਪਿੰਡਾਂ ਦਾ ਮਾਲ ਰਿਕਾਰਡ 100 ਫੀਸਦੀ ਕੰਪਿਊਟਰੀਕ੍ਰਿਤ ਹੈ।ਜਿਸ ਕਰਕੇ ਅਧਿਕਾਰੀ ਆਰ.ਸੀ.ਐਮ ਸਿਸਟਮ ਵਿਚ ਮੈਨੂਅਲ ਤਰੀਕੇ ਨਾਲ ਡਾਟਾ ਅਪਲੋਡ ਨਾ ਕਰਨ।
                 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝਗੜਾ ਰਹਿਤ ਕੇਸਾਂ ਦੇ ਤੁਰੰਤ ਇੰਤਕਾਲ ਕਰਨ ਅਤੇ ਬਕਾਏ ਦੀ ਰਿਕਵਰੀ ਵਿਚ ਵੀ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਸਰਕਾਰ ਦੇ ਮਾਲੀਏ ਵਿਚ ਵਾਧਾ ਹੁੰਦਾ ਹੈ, ਸਗੋਂ ਸਵੈਇੱਛਤ ਡਿਫਾਲਟਰਾਂ ਨੂੰ ਵੀ ਰੋਕਿਆ ਜਾ ਸਕਦਾ ਹੈ।
                   ਇਸ ਮੌਕੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਏ.ਡੀ.ਸੀ ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੇ ਮਾਲ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …