21 ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜਕਟਾਂ ਤੇ ਖਰਚ ਕੀਤੇ ਜਾ ਰਹੇ ਹਨ 42 ਲੱਖ ਰੁਪਏ
ਪਠਾਨਕੋਟ, 29 ਅਗਸਤ (ਪੰਜਾਬ ਪੋਸਟ ਬਿਊਰੋ) – ਮਗਨਰੇਗਾ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ।ਜਿਸ ਅਧੀਨ ਪਿੰਡਾਂ ਵਿੱਚ ਛੱਪੜਾਂ ਦਾ
ਨਵੀਨੀਕਰਨ, ਨਹਿਰਾਂ ਤੇ ਨਾਲਿਆਂ ਦੀ ਸਫਾਈ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਵਾੜੇ, ਪਾਣੀ ਦੀ ਸਾਂਭ ਸੰਭਾਲ ਦੇ ਕਾਰਜ਼, ਫਲੱਡ ਪ੍ਰੋਟੈਕਸ਼ਨ ਦੇ ਕੰਮ ਤੇ ਪਲਾਂਟੇਸ਼ਨ ਆਦਿ ਕਾਰਜ਼ ਕਰਵਾਏ ਜਾ ਰਹੇ ਹਨ।ਇਨ੍ਹਾਂ ਵਿੱਚੋਂ ਹੀ ਇੱਕ ਕੰਮ ਜੋ ਸਰਕਾਰ ਵੱਲੋਂ ਪਿੰਡਾਂ ਨੂੰ ਸਾਫ ਸੁਥਰਾ ਤੇ ਸਵੱਛ ਵਾਤਾਵਰਨ ਦੇਣ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਏ ਜਾ ਰਹੇ ਹਨ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ 21 ਪਿੰਡਾਂ ‘ਚ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟਾਂ ‘ਤੇ ਸਰਕਾਰ ਵਲੋਂ 42 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਦੇ 21 ਪਿੰਡਾਂ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਚੱਲ ਰਹੇ ਹਨ।ਇਨ੍ਹਾਂ ਪ੍ਰੋਜੈਕਟਾਂ ਤੋਂ ਤਿਆਰ ਕੀਤੀ ਖਾਦ ਖੇਤਾਂ ਵਿੱਚ ਫਸਲਾਂ ਦਾ ਸੁਧਾਰ ਕਰੇਗੀ।ਜਿਲ੍ਹੇ ਦੇ 21 ਪਿੰਡ ਜਿਨ੍ਹਾਂ ਦੀ ਉਪਰੋਕਤ ਪ੍ਰੋਜੈਕਟ ਲਈ ਚੋਣ ਕੀਤੀ ਗਈ ਹੈ ਦੇ ਲੋਕਾਂ ਨੂੰ ਗੰਦਗੀ ਤੋਂ ਨਿਜ਼ਾਤ ਮਿਲੇਗੀ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਇੱਕ ਵਧੀਆ ਉਪਰਾਲਾ ਹੈ, ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾਏਗੀ ਅਤੇ ਕਿਸਾਨ ਖੇਤੀ ਵਿੱਚ ਵੀ ਤਿਆਰ ਕੀਤੀ ਗਈ ਦੇਸੀ ਖਾਦ ਦਾ ਲਾਭ ਪ੍ਰਾਪਤ ਕਰ ਸਕਣਗੇ।
ਜਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ੍ਰੀਮਤੀ ਨਿਧੀ ਮਹਿਤਾ ਨੇ ਦੱਸਿਆ ਕਿ ਉਪਰੋਕਤ ਪ੍ਰੋਜੈਕਟ ਬਲਾਕ ਬਮਿਆਲ ਦੇ ਪਿੰਡ ਧੰਨਵਾਲ, ਆਦਮ ਬਾੜਵਾਂ, ਰਮਕਾਲਮਾਂ, ਘਰੋਟਾ ਬਲਾਕ ਦੇ ਪਿੰਡ ਯਸਵਾਲੀ, ਕਟਾਰੂ ਚੱਕ, ਲਾਹੜੀ-318, ਨਰੋਟ ਮਹਿਰਾ, ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਸਿਹੋੜਾ ਖੁਰਦ, ਤਾਰਾਗੜ੍ਹ, ਬਲਾਕ ਪਠਾਨਕੋਟ ਦੇ ਪਿੰਡ ਲਮੀਣੀ, ਘਿਆਲਾ, ਸੁਲਤਾਨਪੁਰ, ਗੂੜਾਕਲ੍ਹਾਂ, ਬਲਾਕ ਸੁਜਾਨਪੁਰ ਦੇ ਲਾਹੜੀ ਮਹੰਤਾਂ, ਫਿਰੋਜਪੁਰ ਕਲ੍ਹਾਂ, ਕਾਨਪੁਰ ਅਤੇ ਬਲਾਕ ਧਾਰਕਲ੍ਹਾਂ ਦੇ ਪਿੰਡ ਬੁੰਗਲ, ਦੁਨੇਰਾ, ਕਰੋਲੀ ਝਿਕਲੀ, ਸਾਹਪੁਰ ਕੰਡੀ ਅਤੇ ਪਿੰਡ ਕੋਟ ਵਿਖੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਵਿੱਚ 2 ਲੱਖ ਰੁਪਏ ਖਰਚ ਕਰਕੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ।ਇਨ੍ਹਾਂ ਪ੍ਰੋਜੈਕਟਾਂ ਦੇ ਕੰਮ 50 ਪ੍ਰਤੀਸ਼ਤ ਪੂਰੇ ਹੋ ਚੁੱਕੇ ਹਨ, ਜੋ ਕੁੱਝ ਮਹੀਨਿਆਂ ‘ਚ ਹੀ ਪਿੰਡਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
Punjab Post Daily Online Newspaper & Print Media