Sunday, March 29, 2026

ਖੇਤ ਵਿੱਚ ਲੱਗੀ ਅੱਗ ਸੈਕਟਰ ਅਧਿਕਾਰੀ ਨੂੰ ਪਹੁੰਚਾਏਗਾ ‘ਐਪ’- ਡਿਪਟੀ ਕਮਿਸ਼ਨਰ

ਹਰੇਕ ਖੇਤ ਉਪਰ ਉਪਗ੍ਰਹਿ ਨਾਲ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿੱਚ ਸ਼ੁਰੂ ਹੋ ਚੁੱਕੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਰਿਮੋਟ ਸੈਂਸਿੰਗ ਏਜੰਸੀ ਦੁਆਰਾ ਤਿਆਰ ਕੀਤੇ ਵਿਸ਼ੇਸ਼ ਮੋਬਾਈਲ ਐਪ ਦੀ ਮਦਦ ਲਈ ਜਾ ਰਹੀ ਹੈ, ਜੋ ਕਿ ਹਰੇਕ ਪਿੰਡ ਪੱਧਰ ਉਤੇ ਲਗਾਏ ਗਏ ਸੈਕਟਰ ਅਧਿਕਾਰੀ ਨੂੰ ਸਿੱਧਾ ਅੱਗ ਵਾਲੇ ਖੇਤ ਤੱਕ ਪਹੁੰਚਾਏਗਾ।
               ਉਕਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਰੇ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਅੰਮ੍ਰਿਤਸਰ ਵਿੱਚ ਸ਼ੁਰੂ ਹੁੰਦੀ ਹੈ ਅਤੇ ਕਈ ਕਿਸਾਨ ਜਿੰਨਾ ਨੇ ਸਬਜ਼ੀ ਬੀਜਣੀ ਹੁੰਦੀ ਹੈ, ਉਹ ਕਾਹਲੀ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਰੋਕਣ ਲਈ ਅਸੀਂ ਹਰ ਤਰਾਂ ਦੀ ਤਿਆਰੀ ਕੀਤੀ ਹੈ।
              ਉਨਾਂ ਦੱਸਿਆ ਕਿ ਅਸੀਂ ਪਿੰਡ ਪੱਧਰ ’ਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਾਲ-ਨਾਲ ਪਿੰਡਾਂ ਦੇ ਸਮੂਹਾਂ ਉਤੇ ਕਲਸਰ ਅਧਿਕਾਰੀ ਵੀ ਤਾਇਨਾਤ ਕੀਤੇ ਹਨ, ਜੋ ਕਿ ਉਪਗ੍ਰਹਿ ਤੋਂ ਪ੍ਰਾਪਤ ਹੋਈ ਸੂਚਨਾ ਦੇ ਅਧਾਰ ‘ਤੇ ਸਬੰਧਤ ਖੇਤ ਦੇ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣਗੇ।ਉਨਾਂ ਸਾਰੇ ਐਸ.ਡੀ.ਐਮ ਅਤੇ ਮਾਲ ਵਿਭਾਗ ਦੇ ਸਰਕਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਇਲਾਕੇ ਵਿੱਚ ਕੀਤੀ ਗਈ ਯੋਜਨਾਬੰਦੀ ਤਹਿਤ ਹਰੇਕ ਸੈਕਟਰ ਅਧਿਕਾਰੀ ਉਤੇ ਨਜ਼ਰ ਰੱਖਣ, ਕਿ ਉਹ ਸੈਟੇਲਾਈਟ ਤੋਂ ਮਿਲ ਰਹੀ ਜਾਣਕਾਰੀ ਉਤੇ ਮਿਥੇ ਸਮੇਂ ਵਿਚ ਕਾਰਵਾਈ ਕਰੇ।
              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇਸ ਕੰਮ ਨੂੰ ਮਿਸ਼ਨ ਵਜੋਂ ਕਰ ਰਹੇ ਹਾਂ, ਜਿਸ ਵਿਚ ਕਿਸਾਨਾਂ ਦੇ ਨਾਲ-ਨਾਲ ਪੰਚਾਇਤਾਂ, ਖੁਸ਼ਹਾਲੀ ਦੇ ਰਾਖਿਆਂ, ਬਿਜਲੀ ਵਿਭਾਗ, ਸਹਿਕਾਰਤਾ ਵਿਭਾਗ, ਪ੍ਰਦੂਸ਼ਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ ਆਦਿ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …