ਜਲਦ ਲੀਹ `ਤੇ ਆਵੇਗੀ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸਨਅਤ – ਵਿਦਵਾਨ
ਅੰਮ੍ਰਿਤਸਰ, 29 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਲਈ ਤਿੰਨ
ਰੋਜ਼ਾ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਬੀ.ਐਚ.ਐਮ.ਸੀ.ਟੀ ਅਤੇ ਬੀ.ਟੀ.ਟੀ.ਐਮ ਦੇ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਪ੍ਰੋਫੈਸਰ ਇੰਚਾਰਜ਼ ਡਾ. ਮਨਦੀਪ ਕੌਰ ਨੇ ਕੀਤਾ।ਪਹਿਲੇ ਦਿਨ ਇਸ ਪ੍ਰੋਗਰਾਮ ਦੇ ਪ੍ਰਵਕਤਾ ਮਯੁਰ ਸੂਦ, ਮੈਨੇਜਿੰਗ ਡਾਇਰੈਕਟਰ ਦਿ ਗ੍ਰੇਟ ਹਿਮਾਲੀਅਨ ਐਡਵੈਂਚਰ ਸਟੂਡੀਓ ਅਤੇ ਅਮਿਤਪਾਲ ਸਿੰਘ ਟ੍ਰੇਨਿੰਗ ਡਿਵੈਲਪਮੈਂਟ ਅਤੇ ਐਚ.ਆਰ ਮੈਨੇਜਰ, ਸੈਵਨ ਸੀੲਜ਼ ਹੋਟਲ, ਰੋਹਿਨੀ ਨਵੀਂ ਦਿੱਲੀ ਸਨ।ਮਯੁਰ ਸੂਦ ਨੇ ਵਿਦਿਆਰਥੀਆਂ ਨੂੰ ਟੂਰਿਜ਼ਮ ਇੰਡਸਟਰੀ ਨਾਲ ਜਾਣੂ ਕਰਵਾਇਆ ਅਤੇ ਇਸ ਸੈਕਟਰ ਦੇ ਮੌਜ਼ੂਦਾ ਰੁਝਾਨ ਬਾਰੇ ਦੱਸਿਆ।ਉਸ ਨੇ ਉਦਮਿਤਾ ਦੇ ਉਭਰ ਰਹੇ ਸੰਕਲਪ ਬਾਰੇ ਵਿਚਾਰ ਸਾਂਝੇ ਕੀਤੇ।ਅਮਿਤਪਾਲ ਸਿੰਘ ਨੇ ਹੋਟਲ ਉਦਯੋਗ ਦੀਆਂ ਮੁਢਲੀਆਂ ਗੱਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਅਜੋਕੇ ਹਾਲਾਤ ਵਿੱਚ ਹੋਟਲ ਮੈਨੇਜਮੈਂਟ ਕੋਰਸਾਂ ਦੀ ਮਹੱਤਤਾ ਬਾਰੇ ਵੀ ਦੱਸਿਆ।ਉਨ੍ਹਾਂ ਨੇ ਅਰਥਚਾਰੇ ਦੇ ਵਿਕਾਸ ਵਿੱਚ ਪ੍ਰਾਹੁਣਚਾਰੀ ਸੈਕਟਰ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਦੂਜੇ ਦਿਨ, ਡਾ. ਅਰੁਣ ਠਾਕੁਰ ਸਹਾਇਕ ਪ੍ਰੋਫੈਸਰ ਯੂ.ਆਈ.ਐਚ.ਟੀ.ਐਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੋਹਿਤ ਗੁਲੇਰੀਆ ਕਲੱਸਟਰ ਟ੍ਰੇਨਿੰਗ ਮੈਨੇਜਰ ਦਿ ਰੈਡੀਸਨ ਐਂਡ ਦਿ ਪਾਰਕ ਹੋਟਲਜ਼ ਚੰਡੀਗੜ੍ਹ ਅਤੇ ਰਾਹੁਲ ਨਾਰੰਗ, ਹਾਊਸ ਸਕੀਪਿੰਗ ਮੈਨੇਜਰ ਰਿਟਜ਼ ਕਾਰਲਟਨ ਬਾਏ ਮੈਰੀਅਟ ਪੁਣੇ ਮੁੱਖ ਬੁਲਾਰੇ ਸਨ। ਡਾ. ਅਰੁਣ ਠਾਕੁਰ ਨੇ ਆਰੰਭਕ ਸੈਸ਼ਨ ਦੀ ਸ਼ੁੁਰੂਆਤ ਕੀਤੀ।ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟੂਰਿਜ਼ਮ ਐਂਡ ਹੋਸਪਿਟੈਲਿਟੀ ਇੰਡਸਟਰੀ ਦੇ ਮੌਕਿਆਂ ਬਾਰੇ ਦੱਸਿਆ।ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਰਾਣੀ ਸਧਾਰਣ ਸਥਿਤੀ ਜਲਦੀ ਵਾਪਸ ਆ ਜਾਵੇਗੀ ਅਤੇ ਭਵਿੱਖ ਵਿੱਚ ਹੋਰ ਵੀ ਮੌਕੇ ਲਿਆਏਗੀ।
ਮੋਹਿਤ ਗੁਲੇਰੀਆ ਨੇ ਆਪਣੇ ਭਾਸ਼ਣ ਵਿਚ ਸਿਖਲਾਈ ਅਤੇ ਪ੍ਰਬੰਧਨ ਦੇ ਮੌਕਿਆਂ ਬਾਰੇ ਵਿਸਥਾਰ ‘ਚ ਦੱਸਿਆ।ਰਾਹੁਲ ਨਾਰੰਗ ਨੇ ਸੈਸ਼ਨ ਨੂੰ ਅੱਗੇ ਵਧਾਉਂਦਿਆਂ ਇਸ ਉਦਯੋਗ ਵਿੱਚ ਆਪਣੇ ਵਿਦੇਸ਼ੀ ਤਜ਼ਰਬੇ ਅਤੇ ਕੈਰੀਅਰ ਦੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਰਿਟਜ਼ ਕਾਰਲਟਨ ਹੋਟਲ ਦਾ ਇੱਕ ਆਨਲਾਈਨ ਟੂਰ ਵੀ ਪੇਸ਼ ਕੀਤਾ। ਬੁਲਾਰਿਆਂ ਨੇ ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ ਉਦਯੋਗ ਦੇ ਮੁੱਖ ਖੇਤਰਾਂ ਤੋਂ ਇਲਾਵਾ ਵਿਕਰੀ ਅਤੇ ਮਾਰਕੀਟਿੰਗ, ਐਚ.ਆਰ, ਏਅਰਲਾਇੰਸ, ਕਰੂਜ਼, ਆਈ.ਆਰ.ਸੀ.ਟੀ.ਸੀ, ਸਰਕਾਰੀ ਖੇਤਰ, ਅਕਾਦਮਿਕਤਾ, ਬਲਾਗਿੰਗ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਉਨ੍ਹਾਂ ਕੋਵਿਡ-19 ਮਹਾਂਮਾਰੀ ਦੇ ਬਾਅਦ ਸੈਰ ਸਪਾਟੇ ਦੇ ਖੇਤਰ ਦੀ ਮੁੜ ਸੁਰਜੀਤੀ ਬਾਰੇ ਵੀ ਵਿਸਥਾਰ ਨਾਲ ਵਿਚਾਰ ਪੇਸ ਕੀਤੇ। ਹਰ ਸੈਸ਼ਨ ਦੇ ਅੰਤ ਵਿੱਚ, ਵਿਦਿਆਰਥੀਆਂ ਦੁਆਰਾ ਵੱਖ-ਵੱਖ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਨੂੰ ਮਾਹਿਰਾਂ ਵਲੋਂ ਕੁਸ਼ਲਤਾ ਨਾਲ ਸੰਬੋਧਿਤ ਕੀਤਾ ਗਿਆ।
ਅੰਤਲੇ ਸੈੈਸ਼ਨ ਵਿਚ ਵਿਕਾਸ ਕੁਮਾਰ, ਸ੍ਰੀਮਤੀ ਦਮਨਪ੍ਰੀਤ ਕੌਰ, ਸ਼੍ਰੀਮਤੀ ਸੁਮੀਰ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ।ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼ੈਫ ਹਰਪ੍ਰੀਤ ਸਿੰਘ ਸਭ ਦਾ ਧੰਨਵਾਦ ਕਰਦਿਆਂ ਅਗਲੇ ਪ੍ਰੋਗਰਾਮ ਵਿੱਚ ਮਿਲਣ ਦੀ ਉਮੀਦ ਜਤਾਈ।ਸਮਾਗਮ ਦਾ ਸੰਚਾਲਨ ਵਿਭਾਗ ਦੇ ਫੈਕਲਟੀ ਮੈਂਬਰ ਮੋਹਿਤ ਦਹੀਆ ਨੇ ਕੀਤਾ।
Punjab Post Daily Online Newspaper & Print Media