ਕਪੂਰਥਲਾ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਹਿਰਾਂ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਸਾੜਣ ਕਾਰਨ ਕੋਵਿਡ-19 ਸਥਿਤੀ ਦੇ ਸੰਭਾਵਿਤ ਰੂਪ ਨਾਲ ਵਧਣ
ਦੀ ਭਵਿੱਖਬਾਣੀ ਦੇ ਚੱਲਦਿਆਂ ਕਪੂਰਥਲਾ ਦੀਆਂ 277 ਪੰਚਾਇਤਾਂ ਜਿਲ੍ਹਾ ਪ੍ਰਸ਼ਾਸਨ ਦੇ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਅੱਗੇ ਆਈਆਂ ਹਨ, ਜਿਨ੍ਹਾਂ ਵੱਲੋਂ ਆਪਣੇ ਪਿੰਡਾਂ ਵਿੱਚ ਪਰਾਲੀ ਸਾੜਣ ਖਿਲਾਫ ਮਤੇ ਪਾਸ ਕੀਤੇ ਗਏ ਹਨ।
ਮਤਿਆਂ ਵਿੱਚ ਲਿਖਿਆ ਗਿਆ ਹੈ ਕਿ “ਝੋਨੇ ਦੀ ਕਟਾਈ ਸਿਰਫ ਸੁਪਰ ਐਸ.ਐਮ.ਐਸ ਨਾਲ ਲੈਸ ਕੰਬਾਈਨ ਨਾਲ ਹੀ ਕੀਤੀ ਜਾਏਗੀ ਅਤੇ ਜੇਕਰ ਕੋਈ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਵਲੋਂ ਤੁਰੰਤ ਪੁਲਿਸ ਅਤੇ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾਵੇਗਾ” ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਪ੍ਰਸਾਸ਼ਨ ਇਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਅਣਥੱਕ ਮਿਹਨਤ ਕਰ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕੇ ਅਤੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਸਾਹ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਮੁੱਖ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਪਰਾਲੀ ਸਾੜਣ ਨੂੰ ਰੋਕਣਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ 70,000 ਐਮ.ਜੀ ਪ੍ਰਦੂਸ਼ਣ ਕਣ ਪੈਦਾ ਹੁੰਦੇ ਹਨ, ਜੋ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਮਿੱਟੀ ਦੇ 17 ਪੌਸ਼ਟਿਕ ਤੱਤਾਂ ਸਮੇਤ ਕਈ ਹੋਰ ਸੂਖਮ ਪੌਸ਼ਟਿਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਨ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਦੀਆਂ 24 ਘੰਟੇ ਨਿਗਰਾਨੀ ਅਤੇ ਤੁਰੰਤ ਕਾਰਵਾਈ ਲਈ ਪਹਿਲਾਂ ਹੀ ਜਿਲ੍ਹੇ ਵਿੱਚ ਕਲੱਸਟਰ ਅਤੇ ਨੋਡਲ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ।
ਇਸੇ ਦੌਰਾਨ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਜਿਲੇ ਅੰਦਰ ਕੁੱਲ 546 ਪੰਚਾਇਤਾਂ ਹਨ, ਜਿਹਨਾਂ ਵਿੱਚ ਕਪੂਰਥਲਾ ਬਲਾਕ ਵਿੱਚ 132 ਵਿਚੋਂ 85, ਫਗਵਾੜਾ ਵਿਖੇ 91 ਵਿਚੋਂ 45, ਨਡਾਲਾ ਵਿਚ 89 ਵਿਚੋਂ 36, ਢਿਲਵਾਂ ਵਿਚ 87 ਵਿਚੋਂ 39 ਤੇ ਸੁਲਤਾਨਪੁਰ ਲੋਧੀ ਵਿਖੇ 147 ਵਿਚੋਂ 72 ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media