ਹੁਣ ਤੱਕ 13323 ਵਿਚੋਂ 10673 ਪਖਾਨੇ ਬਣਨ ਪਿੱਛੋਂ ਹੋਈ ਜੀਓ ਟੈਗਿੰਗ
ਕਪੂਰਥਲਾ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਮਨਜ਼ੂਰਸ਼ੁਦਾ 14315 ਪਖਾਨਿਆਂ ਨੂੰ ਬਣਾਉਣ ਦਾ ਕੰਮ ਅਕਤੂਬਰ ਮਹੀਨੇ ਦੇ ਅੰਤ
ਤੱਕ ਮੁਕੰਮਲ ਕਰ ਲਿਆ ਜਾਵੇਗਾ।ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਕਰਨ ਲਈ ਪਖਾਨੇ ਬਣਾਉਣ ਵਾਸਤੇ 13323 ਲਾਭਪਾਤਰੀ ਯੋਗ ਪਾਏ ਗਏ ਸਨ, ਜਿਹਨਾਂ ਵਿਚੋਂ 10673 ਪਖਾਨਿਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਜਿਲ੍ਹੇ ਵਿੱਚ ਬਾਕੀ ਰਹਿੰਦੇ ਪਖਾਨੇ ਬਣਾਉਣ ਦਾ ਕੰਮ ਵੀ ਪੂਰਾ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਖਾਨਿਆਂ ਨੂੰ ਬਣਾਉਣ ਦੇ ਕੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜਿਲ੍ਹੇ ਅੰਦਰ ਪਖਾਨਿਆਂ ਦੀ ਉਸਾਰੀ ਲਈ 2086 ਲੱਖ ਰੁਪੈ 535 ਪੰਚਾਇਤਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ।ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕੰਮ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਲਈ ਉਸਾਰੇ ਗਏ ਪਖਾਨਿਆਂ ਵਿਚੋਂ 98 ਫੀਸਦੀ ਦੀ ਜੀਓ ਟੈਗਿੰਗ ਕਰ ਲਈ ਗਈ ਹੈ, ਜਿਸ ਨਾਲ ਪ੍ਰਾਜੈਕਟ ਤਹਿਤ ਹੋਏ ਕੰਮਾਂ ਦੀ ਨਿਗਰਾਨੀ ਬਹੁਤ ਅਸਾਨ ਤੇ ਸਟੀਕ ਤਰੀਕੇ ਨਾਲ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਲ੍ਹੇ ਅੰਦਰ 535 ਪੰਚਾਇਤਾਂ ਦੁਆਰਾ ਪਿੰਡਾਂ ਨੂੰ ਸਵੈ ਘੋਸ਼ਣਾ ਕਰਕੇ ਖੁੱਲੇ ਵਿਚ ਸ਼ੌਚ ਮੁਕਤ ਐਲਾਨ ਦਿੱਤਾ ਗਿਆ ਹੈ, ਜਿਸ ਨੂੰ ਜਿਲ੍ਹਾ ਪੱਧਰ ’ਤੇ ਵੈਰੀਫਾਈ ਕਰ ਲਿਆ ਗਿਆ ਹੈ।
Punjab Post Daily Online Newspaper & Print Media