ਨਿਹੰਗ ਸਿੰਘਾਂ ਵਲੋਂ ਘੋੜ ਦੌੜ, ਗਤਕਾ ਕਲਾ ਦੇ ਜੰਗੀ ਕਰਤੱਬਾਂ ਦਾ ਪ੍ਰਦਰਸ਼ਨ
ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਰਬਾਰ ਖਾਲਸਾ ਦੀ ਸੰਪੂਰਨਤਾ ‘ਤੇ ਅੱਜ ਸਥਾਨਕ ਦਸਮ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਿਆਂ
ਦੀ ਸ਼ਹੀਦ ਹੋਣ ਵਾਲੀ ਪਵਿੱਤਰ ਧਰਤ ‘ਤੇ ਇਤਿਹਾਸਕ ਗੁਰਦੁਆਰਾ ਸ੍ਰੀ ਰਣਜੀਤ ਗੜ੍ਹ ਸਾਹਿਬ ਤੋਂ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਅਤੇ ਦਸਮ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਗਾਰਿਆਂ ਦੀ ਛਤਰ ਛਾਇਆ ਹੇਠ ਮਹੱਲਾ ਸਜਾਇਆ ਗਿਆ।ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜ਼ੇ, ਖੰਡੇ, ਫੜੀ, ਨੀਲਿਆਂ, ਕੇਸਰੀ ਬਾਣਿਆਂ ਵਿੱਚ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।
ਇਹ ਖਾਲਸਾ ਮਹੱਲਾ ਗੁ: ਸ਼ਹੀਦ ਬੁਰਜ ਭਾਈ ਜੈਤਾ ਜੀ, ਗੁ: ਸ੍ਰੀ ਗੜ੍ਹੀ ਸਾਹਿਬ, ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਤਾੜੀ ਸਾਹਿਬ, ਵਿਖੇ ਨਤਮਸਤਕ ਹੁੰਦਿਆਂ ਗੁ: ਸ੍ਰੀ ਰਣਜੀਤਗੜ੍ਹ ਸਾਹਿਬ ਵਿਖੇ ਸੰਪੂਰਨ ਹੋਇਆ।ਇਸ ਤੋਂ ਪਹਿਲਾਂ ਬੁੱਢਾ ਦਲ ਵਲੋਂ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਵਿਖੇ ਚੱਲੀ ਆਉਂਦੀ ਪੁਰਾਤਨ ਮਰਿਯਾਦਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਅਖੰਡ ਪਾਠਾਂ ਦੇ ਭੋਗ ਉਪਰੰਤ ਬੁੱਢਾ ਦਲ ਦੇ ਹੈਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਬਾਬਾ ਇੰਦਰ ਸਿੰਘ ਨੇ ਬੁੱਢਾ ਦਲ ਦੇ ਇਤਿਹਾਸ ਸਬੰਧੀ ਜਾਣੂ ਕਰਵਾਇਆ।ਭਾਈ ਸੁਖਜੀਤ ਸਿੰਘ ਕਨੱ੍ਹਈਆ ਨੇ ਦੁਸਹਿਰਾ ਮਹਾਤਮ ਸਬੰਧੀ ਕਥਾ ਕੀਤੀ।ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ।ਘੋੜਿਆਂ ਦੀ ਦੌੜ ‘ਤੇ ਨਿਹੰੰਗ ਸਿੰਘ ਦੇ ਜੰਗੀ ਕਰਤਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਸਥਾਨਕ ਸਟੇਡੀਅਮ ਗਰਾਂਉਡ ਵਿੱਚ ਸ਼ਾਮਲ ਹੋਏ।ਸਾਰੇ ਰਸਤੇ ਵਿਚ ਨਿਹੰਗ ਸਿੰਘਾਂ ਵਲੋਂ ਗਤਕੇ ਦਾ ਸੋਹਣਾ ਪ੍ਰਦਰਸ਼ਨ ਕੀਤਾ ਗਿਆ।ਸਥਾਨਕ ਲੋਕਾਂ ਵਲੋਂ ਮਹੱਲੇ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ।ਸਟੇਡੀਅਮ ਵਿਚ ਜਿੱਥੇ ਇਨ੍ਹਾਂ ਵਲੋਂ ਪੁਰਾਤਨ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਿਲ੍ਹਾ ਪੁਟਾਈ, ਨੇਜ਼ੇਬਾਜ਼ੀ, ਘੋੜ ਸਵਾਰੀ, ਗਤਕਾ ਆਦਿ ਦਾ ਸ਼ਾਨਦਾਰ ਜੰਗਜੂ ਪ੍ਰਦਰਸ਼ਨ ਕੀਤਾ ਗਿਆ।ਜਥੇਦਾਰ ਬਾਬਾ ਬਲਬੀਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸੇਧ ਲੈਂਦੇ ਉਹ ਸਮਾਜਿਕ ਬੁਰਾਈਆਂ ਦਾ ਤਿਆਗ ਕਰ ਕੇ ਸ਼ਬਦ ਗੁਰੂ ਦੇ ਲੜ ਲੱਗਣ।
ਇਸ ਮੌਕੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਮੁਖੀ ਤਰਨਾ ਦਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਪਿਆਰਾ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਨਰੰਗ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਪਲਵਿੰਦਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਜੀਤ ਸਿੰਘ ਕਨ੍ਹੱਈਆ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ ਬੁੱਢਾ ਦਲ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਸੰਦੀਪ ਸਿੰਘ ਚੀਮਾ, ਬਾਬਾ ਅਮਰਜੀਤ ਸਿੰਘ, ਬਾਬਾ ਕੁਲਵਿੰਦਰ ਸਿੰਘ ਚੌਤਾਂ ਵਾਲੇ ਸਮੇਤ ਬਹੁਤ ਵੱਡੀ ਗਿਣਤੀ ਵਿਚ ਗੁਰੂ ਕੀਆਂ ਲਾਡਲੀਆਂ ਫੌਜਾਂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media