ਕਰੋਨਾ ਤੇ ਡੇਂਗੂ ਬਾਰੇ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੀ ਲੋੜ `ਤੇ ਜ਼ੋਰ
ਕਪੂਰਥਲਾ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੌਰਾਨ ਸਿਹਤ
ਤੇ ਪਰਿਵਾਰ ਭਲਾਈ ਵਿਭਾਗ ਦੀਆਂ ਯੋਜਨਾਵਾਂ ਦਾ ਜਾਇਜ਼ਾ ਲਿਆ ਗਿਆ।ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਕਰਨ ਤੇ ਇਸ ਦੀ ਇਹਤਿਆਤੀ ਕਦਮਾਂ ਬਾਰੇ ਮੁਹਿੰਮ ਨੂੰ ਹੋਰ ਤੇਜ਼ ਕਰਨ। ਉਨਾਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਟੈਸਟ ਕੀਤੇ ਜਾਣ ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਜੱਚਾ-ਬੱਚਾ ਸਿਹਤ ਸਹੂਲਤਾਂ, ਟੀਕਾਕਰਨ ਪ੍ਰੋਗਰਾਮ, ਸਕੂਲ ਹੈਲਥ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਗਈ।ਉਨਾਂ ਕਿਹਾ ਕਿ ਸਰਕਾਰ ਦੀਆਂ ਮੁਫਤ ਸਿਹਤ ਸਹੂਲਤਾਂ ਜਨਤਾ ਤੱਕ ਜਰੂਰ ਪਹੁੰਚਣੀਆਂ ਚਾਹੀਦੀਆਂ ਹਨ।ਉਨਾਂ ਨੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਬਾਰੇ ਵੀ ਜਾਣਕਾਰੀ ਲਈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ। ਉਨਾਂ ਲੈਪਰੋਸੀ ਪ੍ਰੋਗਰਾਮ, ਟੀ.ਬੀ ਕੰਟਰੋਲ ਪ੍ਰੋਗਰਾਮ, ਨੈਸ਼ਨਲ ਬਲਾਇੰਡਨੈੱਸ ਕੰਟਰੋਲ ਪ੍ਰੋਗਰਾਮ, ਓਟ ਪ੍ਰੋਗਰਾਮ ਬਾਰੇ ਵੀ ਡਿਪਟੀ ਕਮਿਸ਼ਨਰ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਡਾ. ਸੁਖਵਿੰਦਰ ਕੌਰ, ਸਮਾਜ ਸੇਵੀ ਸੁਦੇਸ਼ ਸ਼ਰਮਾ ਵੀ ਹਾਜ਼ਰ ਸਨ।
Punjab Post Daily Online Newspaper & Print Media