Friday, March 27, 2026

ਕਿਰਸਾਨੀ ਸੰਘਰਸ਼ ਦੇ ਹੱਕ `ਚ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਹੋਈ ਸਾਂਝੀ ਇਕੱਤਰਤਾ

ਅੰਮ੍ਰਿਤਸਰ, 24 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦਿੱਤੇ ਗਏ ਇਕ ਰੋਜ਼ਾ ਭੁੱਖ ਹੜਤਾਲ ਅਤੇ ਰੋਸ ਧਰਨੇ ਦੇ ਸੱਦੇ ‘ਤੇ ਅੱਜ ਏਥੇ ਲੇਖਕਾਂ ਅਤੇ ਬੁੱਧੀਜੀਵੀਆਂ ਰੋਸ ਬੈਠਕ ਬੁਲਾਈ ਗਈ।ਜਿਸ ਦੌਰਾਨ ਬੁਲਾਰਿਆਂ ਨੇ ਸਾਂਝੇ ਤੌਰ ਤੇ ਰਾਏ ਉਸਾਰੀ ਕਿ ਮੌਜ਼ੂਦਾ ਕਿਰਸਾਨੀ ਸੰਘਰਸ਼ ਨਾਲ ਪੰਜਾਬੀ ਪੂਰੇ ਦੇਸ਼ ਦੀਆਂ ਡਰੀਆਂ ਅਤੇ ਸਹਿਮੀਆਂ ਧਿਰਾਂ ਲਈ ਜਿਥੇ ਮਿਸਾਲ ਬਣੇ ਹਨ ਉਥੇ ਇਹ ਜਨ ਅੰਦੋਲਨ ਪੰਜਾਬੀ ਸਭਿਆਚਾਰ ਵਿੱਚ ਚਿਰਸੰਜੀਵੀ ਪ੍ਰਭਾਵ ਛੱਡਣ ਵਾਲਾ ਸਾਬਤ ਹੋਵੇਗਾ।
                  ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸੰਬੰਧਤ ਜਿਲੇ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਦੇ ਅਹੁੱਦੇਦਾਰ, ਅੰਮ੍ਰਿਤਸਰ ਵਿਕਾਸ ਮੰਚ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਤਰਕਸ਼ੀਲ ਸੁਸਾਇਟੀ ਅਤੇ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਆਦਿ ਦੇ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬੀ ਸਮਾਜ ਕਦੀ ਵੀ ਏਨਾ ਇਕਜੁੱਟ ਨਜ਼ਰ ਨਹੀਂ ਆਇਆ ਜਿੰਨਾ ਇਸ ਅੰਦੋਲਨ ਵਿੱਚ ਆਇਆ ਹੈ।
                 ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਲੇਖਕ ਭਾਈਚਾਰਾ ਅਤੇ ਬੁੱਧੀਜੀਵੀ ਵਰਗ ਜਿਥੇ ਆਪਣੀਆਂ ਕਥਾ-ਕਹਾਣੀਆਂ ਅਤੇ ਵਿਚਾਰ-ਚਰਚਾ ਰਾਹੀਂ ਕਿਰਸਾਨ ਮਜ਼ਦੂਰ ਦੇ ਹੱਕ ਸੱਚ ਦੀ ਨਿਰੰਤਰ ਗੱਲ ਕਰਦਾ ਹੈ, ਉਥੇ ਇਸ ਘੋਲ ਵਿੱਚ ਅੰਨਦਾਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੜਕ ‘ਤੇ ਵੀ ਖੜ੍ਹਾ ਹੈ।ਪ੍ਰਿੰ. ਕੁਲਵੰਤ ਸਿੰਘ ਅਣਖੀ ਅਤੇ ਇੰਜ. ਦਲਜੀਤ ਸਿੰਘ ਕੋਹਲੀ ਨੇ ਗੁਰੂ ਨਾਨਕ ਪਾਤਸ਼ਾਹ ਵਲੋਂ ਹੱਥੀਂ ਖੇਤੀ ਕਰਨ ਦੇ ਸੰਕਲਪ ਨੂੰ ਬਿਆਨਦਿਆਂ ਸੰਘਰਸ਼ ਨਾਲ ਖੜਣ ਦੇ ਅਹਿਦ ਨੂੰ ਦੁਹਰਾਇਆ।ਅਮ੍ਰਿਤ ਲਾਲ ਮੰਨਣ, ਦੇਵ ਦਰਦ ਅਤੇ ਹੀਰਾ ਸਿੰਘ ਹੰਸਪਾਲ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਹੋਰਨਾਂ ਲੋਕਾਂ ਨੂੰ ਵੀ ਧਰਨਿਆਂ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ।
               ਇਸ ਸਮੇਂ ਬਰੰਮਜੀਤ ਸਿੰਘ, ਇੰਜ. ਸਵਿੰਦਰ ਸਿੰਘ, ਸ਼ਾਇਰ ਮਲਵਿੰਦਰ, ਮਨਮੋਹਨ ਢਿੱਲੋਂ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ ਅਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …