ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗਾ ਸੇਵਾ ਕੇਂਦਰਾਂ ਦਾ ਸਮਾਂ
ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀਆਂ ਹੁਣ 35 ਤਰ੍ਹਾਂ ਦੀਆਂ
ਸੇਵਾਵਾਂ ਸੇਵਾ ਕੇਂਦਰਾਂ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜ਼ਿਲੇ੍ਹ ਦੇ 14 ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਤੇ ਇਸ ਸਮੇਂ ਅੰਦਰ ਲੋਕਾਂ ਨੂੰ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਸਿਆ ਕਿ ਇਨਾਂ ਸੇਵਾਵਾਂ ਵਿਚ ਡੁਪਲੀਕੇਟ ਡਰਾਇਵਿੰਗ ਲਾਇਸੰਸ, ਰੀਨਿਊ ਲਾਇਸੰਸ, ਐਡਰੈਸ ਚੇਂਜ, ਰੀਪਲੇਸਮੈਂਟ ਲਾਇਸੰਸ, ਐਨ.ਓ.ਸੀ, ਨਾਮ ਬਦਲੀ ਡਰਾਈਵਿੰਗ ਲਾਇਸੰਸ, ਮੋਬਾਇਲ ਅਪਡੇਟ, ਕੰਡੈਕਟਰ ਲਾਇਸੰਸ ਰੀਨਿਊ, ਆਨਲਾਈਨ ਟੈਕਸ ਰਜਿਸਟਰਡ ਟਰਾਂਸਪੋਰਟ ਅਤੇ ਨਵੀਂ ਟਰਾਂਸਪੋਰਟ, ਟਰਾਂਸਫਰ, ਡੁਪਲੀਕੇਟ ਆਰ.ਸੀ, ਐਡਰੈਸ ਚੇਂਜ, ਐਨ.ਓ.ਸੀ ਅਦਰ ਸਟੇਟ, ਚੈਕ ਈ-ਪੈਮੈਂਟ ਸਟੇਟਸ ਆਦਿ 35 ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪਸ਼ਾਸਨ ਦਾ ਮੰਤਵ ਲੋਕਾਂ ਨੂੰ ਖਜਲ-ਖੁਆਰੀ ਤੋਂ ਬਚਾਉਣਾ ਹੈ।ਇਸੇ ਤਹਿਤ ਇਕੋ ਛੱਤ ਹੇਠ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਉਨਾਂ ਸੇਵਾ ਕੇਂਦਰਾਂ ਅਧੀਨ ਕੰਮ ਕਰ ਰਹੇ ਸਟਾਫ ਨੂੰ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰੋਟੋਕੋਲਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ’ਚ ਕੋਈ ਕੁਤਾਹੀ ਨਾ ਵਰਤੀ ਜਾਵੇ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਆਉਣ ਸਮੇਂ ਮਾਸਕ ਲਾਜ਼ਮੀ ਪਾਇਆ ਜਾਵੇ ਅਤੇ ਆਪਸ ਵਿਚ ਸਮਾਜਿਕ ਦੂਰੀ ਜ਼ਰੂਰ ਕਾਇਮ ਕੀਤੀ ਜਾਵੇ।
Punjab Post Daily Online Newspaper & Print Media