1000 ਤੋਂ ਵੱਧ ਟਰੈਕਟਰਾਂ ਨੇ ਮਾਰਚ ‘ਚ ਲਿਆ ਭਾਗ
ਸਮਰਾਲਾ, 12 ਜਨਵਰੀ (ਇੰਦਰਜੀਤ ਸਿੰਘ ਕੰਗ) – ਕੇਂਦਰ ਸਰਕਾਰ ਦੇ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 48 ਦਿਨਾਂ ਤੋਂ ਦਿੱਲੀ
ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅੱਜ ਪੂਰਾ ਸੰਸਾਰ ਉਨ੍ਹਾਂ ਦੇ ਹੱਕ ਵਿੱਚ ਖੜ੍ਹ ਗਿਆ ਹੈ, ਪ੍ਰੰਤੂੂ ਕੇਂਦਰ ਸਰਕਾਰ ਟਸ ਤੋਂ ਮੱਸ ਨਹੀਂ ਹੋ ਰਹੀ।ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੱਦੇ ‘ਤੇ ਕਿਸਾਨ ਹਿਤੈਸ਼ੀ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ।ਜਿਸ ਵਿੱਚ ਹਜ਼ਾਰ ਦੇ ਕਰੀਬ ਟਰੈਕਟਰ ਸ਼ਾਮਲ ਹੋਏ।
ਇਹ ਟਰੈਕਟਰ ਮਾਰਚ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਤੋਂ ਸ਼ੁਰੂ ਹੋਇਆ।ਇਸ ਟਰੈਕਟਰ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕੀਤੀ ਗਈ ਅਤੇ ਇਹ ਵਿਸ਼ਾਲ ਟਰੈਕਟਰ ਮਾਰਚ ਪਿੰਡ ਦਿਆਲਪੁਰਾ, ਘਰਖਣਾ, ਮਾਣਕੀ, ਰਾਜੇਵਾਲ, ਨਾਗਰਾ, ਲੋਪੋਂ, ਮਾਦਪੁਰ, ਨੀਲੋਂ, ਘੁਲਾਲ, ਚਹਿਲਾਂ, ਸਮਰਾਲਾ ਸ਼ਹਿਰ, ਬੌਂਦਲੀ ਬਾਈਪਾਸ, ਬਾਲਿਓਂ, ਗੜ੍ਹੀ ਤਰਖਾਣਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਵਿਖੇ ਸਮਾਪਤ ਹੋਵੇਗਾ।ਇਸ ਟਰੈਕਟਰ ਮਾਰਚ ਵਿੱਚ ਨੌਜਵਾਨਾਂ ਅਤੇ ਬਜੁਰਗਾਂ ਦੀ ਭਾਰੀ ਸ਼ਮੂਲੀਅਤ ਸੀ।ਇਸ ਟਰੈਕਟਰ ਮਾਰਚ ਦੌਰਾਨ ਹਰੇਕ ਟਰੈਕਟਰ ‘ਤੇ ਕਿਸਾਨੀ ਹੱਕ ਦੇ ਝੰਡੇ ਅਤੇ ਬੈਨਰ ਲੱਗੇ ਹੋਏ ਸਨ।ਟਰੈਕਟਰ ਮਾਰਚ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ, ਜਿਨ੍ਹਾਂ ਵਲੋਂ ਕਿਸਾਨੀ ਹੱਕ ਵਿੱਚ ਅਕਾਸ਼ ਗੁੰਜ਼ਾਊ ਨਾਅਰੇ ਲਗਾਏ ਜਾ ਰਹੇ ਸਨ।ਟਰੈਕਟਰ ਮਾਰਚ ਦੀ ਕਾਮਯਾਬੀ ਲਈ ਕਿਸਾਨਾਂ ਤੇ ਆਮ ਲੋਕਾਂ ਵਲੋਂ ਦਿੱਤੇ ਸਹਿਯੋਗ ਦਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਰਾਜਵਿੰਦਰ ਸਮਰਾਲਾ, ਪ੍ਰਭਦੀਪ ਸਿੰਘ ਸਮਸ਼ਪੁਰ, ਅਵਤਾਰ ਸਿੰਘ ਸਮਸ਼ਪੁਰ, ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ, ਸਕੱਤਰ ਦੀਪ ਦਿਲਬਰ, ਤੇਜਿੰਦਰ ਸਿੰਘ ਰਾਜੇਵਾਲ, ਗੁਰਮੀਤ ਢੀਂਡਸਾ ਨੇ ਸਮਰਾਲਾ ਇਲਾਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਆਮ ਮੁਹਾਰੇ ਹੋ ਕੇ ਕਿਸਾਨਾਂ ਦੀ ਜਿੱਤ ਲਈ ਆਸਵੰਦ ਹਨ, ਜਿਸ ਲਈ ਅੱਜ ਇੰਨਾ ਵੱਡਾ ਇਕੱਠ ਜੁੜਿਆ।ਉਨ੍ਹਾਂ ਕਿਹਾ ਕਿ ਹੁਣ ਕੇਂਦਰ ਅਤੇ ਭਾਜਪਾਈਆਂ ਨੂੰ ਆਪਣੀਆਂ ਅੱਖਾਂ ਤੋਂ ਪੱਟੀ ਚੁੱਕ ਕੇ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਇਹ ਤਿੰਨੋ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
Punjab Post Daily Online Newspaper & Print Media