ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਲਵਾਈ ਹਾਜ਼ਰੀ
ਪਟਨਾ ਸਾਹਿਬ (ਬਿਹਾਰ), 19 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਗੁਰਪੁਰਬ ਮਨਾਉਣ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਵੀ ਦਰਬਾਰ ਦੀ ਆਰੰਭਤਾ ਮੌਕੇ ਹਾਜ਼ਰੀ ਭਰਦਿਆਂ ਕਿਹਾ ਕਿ ਸਾਨੂੰ ਪੰਥ ਦੇ ਵਿੱਦਿਆਦਾਨੀਆਂ ਅਤੇ ਵਿਦਵਾਨਾਂ ਨੂੰ ਅਜਿਹਾ ਸਤਿਕਾਰ ਦੇਣਾ ਚਾਹੀਦਾ ਹੈ, ਜਿਸ ਨੂੰ ਦੇਖ ਹੋਰਨਾਂ ਧਰਮਾਂ ਦੇ ਵਿਦਵਾਨ ਵੀ ਸਿੱਖ ਪੰਥ ਦੀ ਮੁਖਧਾਰਾ ਵਿਚ ਪ੍ਰਵੇਸ਼ ਪਾਉਣ ਲਈ ਉਤਾਵਲੇ ਹੋਣ।
ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ `ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਦਵਾਨਾਂ ਦਾ ਸਤਿਕਾਰ ਨਹੀਂ ਕਰਦੀਆਂ ਉਹ ਕੌਮਾਂ ਦੁਨੀਆ `ਚ ਕਦੀ ਵੀ ਸਫਲਤਾ ਅਤੇ ਉਚੇ ਮੁਕਾਮ ਨੂੰ ਹਾਸਲ ਨਹੀਂ ਕਰ ਪਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਦਸਮੇਸ਼ ਪਿਤਾ ਜੀ ਆਪ ਇਕ ਉੱਚਕੋਟੀ ਦੇ ਵਿਦਵਾਨ ਸਨ ਉਥੇ ਹੀ ਵਿਦਵਾਨਾਂ ਅਤੇ ਕਵੀਆਂ ਦੇ ਵੱਡੇ ਕਦਰਦਾਨ ਵੀ ਸਨ ਕਿ ਭਾਈ ਨੰਦ ਲਾਲ ਜੀ ਵਰਗੇ ਦਿੱਲੀ ਦਰਬਾਰ ਦੇ ਵੱਡੇ ਵੱਡੇ ਵਿਦਵਾਨ ਅਤੇ ਕਵੀ ਸ੍ਰੀ ਅਨੰਦਪੁਰ ਸਾਹਿਬ ਕੇ ਆਪ ਜੀ ਦੇ ਦਰਬਾਰ ਦੀ ਸੋਭਾ ਬਣਨ ਅਤੇ ਸਮਰਪਿਤ ਹੋਣ `ਚ ਮਾਣ ਮਹਿਸੂਸ ਕਰਦੇ ਸਨ।
ਸਤਿਗੁਰਾਂ ਨੇ ਸਾਨੂੰ ਵਿਦਵਾਨਾਂ ਕਵੀਆਂ ਤੇ ਪ੍ਰਚਾਰਕਾਂ ਦਾ ਸਤਿਕਾਰ ਕਰਨਾ ਸਿਖਾਇਆ, ਪਰ ਅਫ਼ਸੋਸ ਕਿ ਅੱਜ ਅਸੀਂ ਪੰਥ ਦੇ ਉੱਚਕੋਟੀ ਦੇ ਵਿਦਵਾਨਾਂ, ਕਵੀਆਂ, ਰਾਗੀ ਢਾਡੀਆਂ, ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਸਤਿਕਾਰ ਕਰਨ ਦੀ ਪਰੰਪਰਾ ਨੂੰ ਛੱਡਦੇ ਜਾ ਰਹੇ ਹਾਂ।ਉਨ੍ਹਾਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗ਼ੌਰ ਏ ਮਸਕੀਨ ਦੀ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਵਾਲੇ ਵੀ ਮੌਜੂਦ ਸਨ।
Punjab Post Daily Online Newspaper & Print Media