ਅੰਮ੍ਰਿਤਸਰ, 4 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਖੋਜਾਰਥੀਆਂ ਨੂੰ ਕਿਹਾ ਹੈ ਕਿ ਉਹ ਆਪਣੇ
ਖੋਜ ਕਾਰਜਾਂ ਨੂੰ ਸਿਰੇ ਚੜ੍ਹਾਉਣ ਦੇ ਸਮੇਂ ਜਿਥੇ ਸੁਚੇਤ ਅਤੇ ਜਾਗਰੂਕ ਰਹਿਣ ਉਥੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਉਨ੍ਹਾਂ ਦੇ ਖੋਜ ਕਾਰਜਾਂ ਦੀ ਆਪਣੇ ਹਿਤਾਂ ਵਿਚ ਵਰਤੋਂ ਵੀ ਕਰ ਸਕਦਾ ਹੈ। ਉਹ ਅੱਜ ਯੂਨੀਵਰਸਿਟੀ ਦੇ ਸਕੂਲ਼ ਆਫ ਐਜੂਕੇਸ਼ਨ ਵੱਲੋਂ ਕਰਵਾਏ `ਖੋਜ ਡਾਟੇ ਦੀ ਅਨੈਤਿਕ ਵਰਤੋਂ ਨੂੰ ਰੋਕਣ ਸਬੰਧੀ` ਕਰਵਾਈ ਗਏ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਜਿਸ ਦੇ ਵਿਚ ਦੇਸ਼ ਦੇ ਵੱਖ ਵੱਖ ਉਚ ਅਦਾਰਿਆਂ ਤੋਂ ਫੈਕਲਟੀ ਮੈਂਬਰ ਅਤੇ ਖੋਜਾਰਥੀਆਂ ਹਿੱਸਾ ਲਿਆ। ਇਸ ਅਤਿ ਗੰਭੀਰ ਵਿਸ਼ੇ `ਤੇ ਜਿਥੇ ਵੱਖ ਵੱਖ ਬੁਲਾਰਿਆਂ ਨੇ ਬਰੀਕੀ ਨਾਲ ਚਾਨਣਾ ਪਾਇਆ ਉਥੇ ਇਸ ਗੱਲ `ਤੇ ਵੀ ਗੰਭੀਰ ਚਿੰਤਾ ਕੀਤੀ ਗਈ ਕਿ ਭਾਰਤ ਦੀ ਕੋਈ ਵੀ ਸੰਸਥਾ ਖੋਜ ਅਤੇ ਨਵੀਨਤਾ ਦੇ ਆਲਮੀ ਮਾਪਦੰਡਾਂ `ਤੇ ਪੂਰੀ ਨਹੀਂ ਉਤਰ ਰਹੀ ਭਾਵੇਂ ਕਿ ਉਸ ਨੇ ਗੁਣਵਤਾ ਪੱਖੋਂ ਕਈ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ।
ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੀ ਇਕ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਭਾਰਤ ਦੀਆਂ ਖੋਜ ਅਤੇ ਸਿਖਿਆ ਸੰਸਥਾਵਾਂ ਨੇ ਕਈ ਪੱਖਾਂ ਤੋਂ ਤਰੱਕੀ ਕੀਤੀ ਹੈ ਪਰ ਉਹ ਵਿਸ਼ਵ ਪੱਧਰ ਦੇ ਖੋਜ ਦੇ ਨਵੀਨਤਮ ਮਾਪਦੰਡਾਂ `ਤੇ ਖਰੀ ਨਹੀਂ ਉਤਰ ਰਹੇ। ਡਾ. ਸੰਧੂ ਨੇ ਵੀ ਆਪਣੇ ਸੰਬੋਧਨ ਵਿਚ ਖੋਜਾਰਥੀਆਂ ਨੂੰ ਜਿਥੇ ਉਚ ਪਾਏ ਦੀ ਖੋਜ ਸਬੰਧੀ ਕੌਮਾਂਤਰੀ ਮਾਪਦੰਡ ਨੂੰ ਅਪਨਾਉਣ `ਤੇ ਜ਼ੋਰ ਦਿੱਤਾ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਵੱਲੋਂ ਖੋਜ ਹਿਤ ਇਕੱਠੇ ਕੀਤੇ ਗਏ ਆਂਕੜੇ ਅਤੇ ਉਨ੍ਹਾਂ ਦੇ ਮਲਾਂਕਣ ਦਾ ਡਾਟਾ ਕੋਈ ਵੀ ਆਪਣੇ ਹਿਤਾ ਲਈ ਅਨੈਤਿਕ ਤੌਰ `ਤੇ ਵਰਤ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਇਸ ਅਨੈਤਿਕਤਾ ਤੋਂ ਖੋਜਾਰਥੀਆਂ ਨੂੰ ਕਿਵੇਂ ਸੁਚੇਤ ਰਹਿਣਾ ਚਾਹੀਦਾ ਹੈ, ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਜੋ ਵਰਕਸ਼ਾਪ ਵਿਭਾਗ ਵੱਲੋਂ ਕਰਵਾਈ ਗਈ ਹੈ, ਬਹੁਤ ਸ਼ਲਾਘਾਯੋਗ ਹੈ।ਭਵਿੱਖ ਵਿਚ ਅਜਿਹੀ ਵਰਕਸ਼ਾਪ ਕਰਵਾਉਂਦੇ ਰਹਿਣ ਦਾ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਖੋਜਾਰਥੀਆਂ ਨੂੰ ਇਸ ਦਾ ਲਾਭ ਲੈ ਕੇ ਆਪਣੀ ਖੋਜ ਨੂੰ ਹੋਰ ਵੀ ਉਸਾਰੂ ਅਤੇ ਸੁਚਾਰੂ ਬਣਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪੂਰੇ ਭਾਰਤ ਦੀਆਂ ਉਚ ਸਿਖਿਆ ਸੰਸਥਾਵਾਂ ਤੋਂ ਪੁੱਜੇ ਵੱਖ ਵੱਖ ਖੋਜਾਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ ਅਤੇ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਕੌਟਸ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਖੋਜ ਕਾਰਜ ਸਬੰਧੀ ਮਾਪਦੰਡਾਂ ਅਤੇ ਹਲਾਤਾਂ ਤੋਂ ਜਾਣੂ ਕਰਵਾਇਆ।
ਕੇਂਦਰੀ ਯੂਨੀਵਰਸਿਟੀ ਹਰਿਆਣਾ ਤੋਂ ਡਾ. ਸੰਜੀਵ ਕੁਮਾਰ ਨੇ ਰਾਸ਼ਟਰੀ ਸਿਖਿਆ ਨੀਤੀ-2020 ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿਚ ਖੋਜ ਨੂੰ ਹੋਰ ਉਚਾ ਚੁਕਣ ਲਈ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਸੰਸਥਾਵਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਮਿਆਰੀ ਖੋਜ ਨੂੰ ਉਭਾਰ ਕੇ ਭਾਰਤ ਦੇ ਵਿਕਾਸ ਵਿਚ ਉਘੜਵਾਂ ਰੋਲ ਨਿਭਾਇਆ ਜਾਵੇਗਾ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਖੋਜ ਵਿਚ ਆਧੁਨਿਕਤਾ, ਵਿਚਾਰਾਂ ਦੀ ਮੌਲਿਕਤਾ, ਆਤਮ ਵਿਸ਼ਵਾਸ ਅਤੇ ਅਕਾਦਮਿਕ ਨੈਤਿਕਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਖੋਜ ਵਿਚ ਪਾਈਆਂ ਜਾ ਰਹੀਆਂ ਕੁੱਝ ਘਾਟਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਫੈਕਲਟੀ ਅਤੇ ਖੋਜਾਰਥੀਆਂ ਨੂੰ ਖੋਜ ਵਿਚ ਪ੍ਰਮਾਣਿਕਤਾ ਲਿਆਉਣ ਲਈ ਸਿਖਲਾਈ ਵੀ ਦਿੱਤੀ ਜਾਵੇ। ਵਰਕਸ਼ਾਪ ਦੌਰਾਨ ਵੱਖ ਵੱਖ ਪੱਖਾਂ ਤੋਂ ਅੰਕੜਿਆਂ ਤੇ ਮੁਲਾਂਕਣ ਦੀ ਅਨੈਤਿਕ ਵਰਤੋਂ ਨੂੰ ਰੋਕਣ ਲਈ ਉਠਾਏ ਗਏ ਮੁੱਦਿਆਂ ਦੀ ਸਾਰਥਕਤਾ `ਤੇ ਵੀ ਉਨ੍ਹਾਂ ਵੱਲੋਂ ਚਾਨਣਾ ਪਾਇਆ ਗਿਆ। ਤਕਨੀਕੀ ਸੈਸ਼ਨਾਂ ਵਿਚ ਡਾ. ਐਮ.ਐਮ. ਪ੍ਰਸ਼ਾਦ, ਡਾ. ਅਸ਼ਵਨੀ ਤਿਵਾੜੀ, ਡਾ. ਗੁਰਉਪਦੇਸ਼ ਸਿੰਘ, ਡਾ. ਪੀ.ਵੀ. ਰਾਓ, ਸ੍ਰੀ ਸੌਰਭ ਮਿਤਰਾ ਵੱਲੋਂ ਸੁਝਾਏ ਗਏ ਸੁਝਾਵਾਂ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media