ਪਠਾਨਕੋਟ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਗਵਰਨਿੰਗ ਬੋਰਡ, ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਸੰਸਥਾ
(ਆਤਮਾ) ਸੰਯਮ ਅਗਰਵਾਲ ਦੇ ਦਿਸਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ-ਕਮ-ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਵਿਚ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਹਰੇਕ ਦੋ ਪਿੰਡਾਂ ਪਿੱਛੇ ਇੱਕ ਕਿਸਾਨ ਮਿੱਤਰ ਅਤੇ ਕੁੱਲ 90 ਕਿਸਾਨ ਮਿੱਤਰ ਨਿਯੁੱਕਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਤੱਕ ਫਸਲਾਂ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਹੋਰ ਤੇਜ ਗਤੀ ਨਾਲ ਪਹੁੰਚਾਈਆਂ ਜਾ ਸਕਣ।ਇਨਾਂ ਨਵ ਨਿਯੁੱਕਤ ਕਿਸਾਨ ਮਿੱਤਰਾਂ ਨੂੰ ਉਨਾਂ ਦੀਆਂ ਕਿਸਾਨਾਂ ਪ੍ਰਤੀ ਜਿੰਮੇਵਾਰੀਆਂ ਬਾਰੇ ਜਾਗਰੁਕ ਕਰਨ ਲਈ ਅੱਜ ਖੇਤੀਬਾੜੀ ਦਫਤਰ ਪਰਮਾਨੰਦ ਵਿਖੇ ਕਿਸਾਨ ਮਿੱਤਰ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਅ।ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਇੰਚਾਰਜ਼ ਬਲਾਕ ਤਕਨਾਲੋਜੀ ਟੀਮ ਕਮ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਮਿਸ ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ,ਬਲਵਿੰਦਰ ਕੁਮਾਰ, ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਠਾਕੁਰ ਰਮੇਸ਼ਵਰ, ਸ਼ਾਮ ਲਾਲ, ਮਨਦੀਪ ਸਿੰਘ, ਰਮਨ ਕੁਮਾਰ, ਲਖਬੀਰ ਸਿੰਘ ਸਮੇਤ ਸਮੂਹ ਕਿਸਾਨ ਮਿੱਤਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਹਰੇਕ ਦੋ ਪਿੰਡਾਂ ਪਿੱਛੇ ਇੱਕ ਕਿਸਾਨ ਮਿੱਤਰ ਬਤੌਰ ਸਵੈਇਛੁੱਕ ਸੇਵਕ (ਵਲੰਟੀਅਰ) ਨਿਯੁੱਕਤ ਕੀਤਾ ਗਿਆ ਹੈ ਤਾਂ ਜੋ ਇਹ ਕਿਸਾਨ ਮਿੱਤਰ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਵਿੱਚ ਇੱਕ ਕੜ੍ਹੀ ਵਜੋਂ ਕੰਮ ਕਰ ਸਕਣ।ਉਨਾਂ ਕਿਹਾ ਕਿ ਇਨਾਂ ਕਿਸਾਨ ਮਿੱਤਰਾਂ ਰਾਹੀਂ ਪਿੰਡਾਂ ਵਿੱਚ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਖੇਤੀਬਾੜੀ ਨਾਲ ਸੰਬੰਧਤ ਸੂਚਨਾਵਾਂ ਅਤੇ ਪਿੰਡਾਂ ਵਿਚੋਂ ਖੇਤੀਬਾੜੀ ਨਾਲ ਸੰਬੰਧਤ ਸਮੱਸਿਆਵਾਂ ਦਾ ਅਦਾਨ ਪ੍ਰਦਾਨ ਕਰਨਾ ਸੌਖਾ ਹੋ ਜਾਵੇਗਾ।ਕਿਸਾਨ ਮਿੱਤਰਾਂ ਦੀ ਮਿਆਦ ਤਿੰਨ ਸਾਲ ਦੀ ਹੋਵੇਗੀ ਅਤੇ ਤਿੰਨ ਸਾਲ ਬਾਅਦ ਕਿਸਾਨ ਬਦਲੇ ਜਾ ਸਕਦੇ ਹਨ ਅਤੇ ਇੰਨਾਂ ਨੂੰ ਤਿੰਨ ਸਾਲ ਦੀ ਮਿਆਦ ਮੁੱਕਣ ਤੋਂ ਬਾਅਦ ਅਗਲੇ 5 ਸਾਲ ਤੱਕ ਦੁਬਾਰਾ ਕਿਸਾਨ ਮਿੱਤਰ ਨਹੀਂ ਬਣਾਇਆ ਜਾ ਸਕਦਾ।ਉਨਾਂ ਕਿਹਾ ਕਿ ਇਨਾਂ ਕਿਸਾਨ ਮਿੱਤਰਾਂ ਦਾ ਇੱਕ ਵਟਸਐਪ ਸਮੂਹ ਬਣਾਇਆ ਜਾਵੇਗਾ।ਜਿਸ ਰਾਹੀਂ ਖੇਤੀ ਨਾਲ ਸੰਬੰਧਤ ਸੁਚਨਾਵਾਂ ਕਿਸਾਨ ਮਿੱਤਰਾਂ ਤੱਕ ਪਹੁੰਚਾਈਆ ਜਾਣਗੀਆਂ।ਉਨਾਂ ਦੱਸਿਆ ਕਿ ਕਿਸਾਨ ਮਿੱਤਰ ਵਟਸਐਪ ਰਾਹੀਂ ਮਿਲੀ ਜਾਣਕਾਰੀ ਅਤੇ ਖੇਤੀਬਾੜੀ ਨਾਲ ਸੰਬੰਧਤ ਸੂਚਨਾਵਾਂ ਨੂੰ ਹੋਰਨਾਂ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨਗੇ।
ਸੁਭਾਸ਼ ਚੰਦਰ ਨੇ ਸਮੂਹ ਕਿਸਾਨ ਮਿੱਤਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਕਿਸਾਨੀ ਦੀ ਬਿਹਤਰੀ ਲਈ ਖੇਤੀ ਮਾਹਿਰਾਂ ਅਤੇ ਕਿਸਾਨ ਮਿੱਤਰਾਂ ਨੂੰ ਸੰਗਠਿਤ ਰੂਪ ‘ਚ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ। ਕਿਸਾਨ ਮਿੱਤਰ ਠਾਕੁਰ ਰਾਮੇਸ਼ਵਰ, ਸੰਦੀਪ ਕੁਮਾਰ ਅਤੇ ਸ਼ਾਮ ਲਾਲ ਨੇ ਵਿਸ਼ਵਾਸ਼ ਦਿਵਾਇਆ ਕਿ ਖੇਤੀ ਮਾਹਿਰਾਂ ਵੱਲੋਂ ਜੋ ਵੀ ਕਿਸਾਨੀ ਦੀ ਬਿਹਤਰੀ ਲਈ ਸੇਵਾ ਲਗਾਈ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਕਰਨ ਲਈ ਭਰਪੂਰ ਯਤਨ ਕੀਤੇ ਜਾਣਗੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media