ਯੋਗ ਲਾਭਪਾਤਰੀਆਂ ਨੂੰ ਹੁਣ ਤੱਕ ਵੰਡੇ ਗਏ 3.47 ਕਰੋੜ – ਮੇਅਰ
ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ)- ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ `ਪ੍ਰਧਾਨ ਮੰਤਰੀ ਆਵਾਸ ਯੋਜਨਾ` ਅਧੀਨ ਯੋਗ ਪਾਏ
ਗਏ 120 ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਨਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ 60 ਲੱਖ ਰੁਪਏ ਰਾਸ਼ੀ ਦੀ ਕਿਸ਼ਤ ਉਹਨਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਨ ਸਬੰਧੀ ਪੱਤਰ ਦਿੱਤੇ ਗਏ।
ਮੇਅਰ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹੁਣ ਤੱਕ ਇਸ ਯੋਜਨਾ ਤਹਿਤ 3.47 ਕਰੋੜ ਰੁਪਏ ਦੀ ਰਾਸ਼ੀ ਮੇਅਰ ਵਲੋਂ ਲਾਭਪਾਤਰੀਆਂ ਨੂੰ ਵੰਡੀ ਜਾ ਚੁਕੀ ਹੈ।ਅੰਮ੍ਰਿਸਤਰ ਸ਼ਹਿਰ ਵਿੱਚ ਕੁੱਲ 5087 ਲਾਭਪਾਤਰੀਆਂ ਦੇ ਕੇਸ ਸਰਕਾਰ ਵਲੋਂ ਪ੍ਰਵਾਨ ਕੀਤੇ ਗਏ ਹਨ।ਜ਼ਿਨ੍ਹਾਂ ਵਿੱਚ 4418 ਕੇਸ ਨਵੀਂ ਉਸਾਰੀ ਲਈ ਅਤੇ 669 ਕੇਸ ਉਸਾਰੀ ਵਿੱਚ ਵਾਧੇ ਦੇ ਹਨ।ਹਰ ਇਕ ਲਾਭਪਾਤਰੀ ਨੂੰ 1.50 ਲੱਖ ਰੁਪਏ ਨਿਯਮਾਂ ਤਹਿਤ 4 ਕਿਸ਼ਤਾਂ ਵਿੱਚ ਦਿੱਤੇ ਜਾਣੇ ਹਨ ਅਤੇ ਜਿਹੜੇ ਲਾਭਪਾਤਰੀਆਂ ਵਲੋਂ ਆਪਣੇ ਨਵੇਂ ਮਕਾਨ ਦੀ ਉਸਾਰੀ ਨਿਯਮਾਂ ਅਨੁਸਾਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਹੈ, ਉਹਨਾਂ ਲਾਭਪਾਤਰੀਆਂ ਨੂੰ ਗ੍ਰਾਂਟ ਦੀ ਲਗਾਤਾਰ ਪਹਿਲੀ ਅਤੇ ਦੂਜੀ ਕਿਸ਼ਤ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਪਿਛਲੇ ਸਮੇਂ ਤੱਕ 540 ਲਾਭਾਪਾਤਰੀਆਂ ਨੂੰ ਮਕਾਨਾਂ ਦੀ ਉਸਾਰੀ ਲਈ 50 ਹਜ਼ਾਰ ਦੀ ਪਹਿਲੀ ਕਿਸ਼ਤ ਉਹਨਾਂ ਦੇ ਬੈਂਕ ਖਾਤੇ ਰਾਹੀਂ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਹੀ 180 ਲਾਭਪਾਤਰੀਆਂ ਨੂੰ ਦੂਸਰੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤੀਜੀ ਕਿਸ਼ਤ ਦੇ 26 ਕੇਸ ਅਤੇ ਚੌਂਥੀ ਕਿਸਤ ਦੇ 1 ਕੇਸ ਦੀ ਅਦਾਇਗੀ ਕੀਤੀ ਗਈ ਹੈ। ਇਸ ਦੇ ਨਾਲ ਹੀ 50 ਲਾਭਪਾਤਰੀਆਂ ਨੂੰ ਮਕਾਨ ਦੇ ਵਾਧੇ ਲਈ ਵੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਲਗਭਗ 3.47 ਕਰੋੜ ਰੁਪੲ ਦੀ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਹੋ ਚੁੱਕੀ ਹੈ।ਕੁੱਲ 120 ਲਾਭਪਾਤਰੀਆਂ ਨੂੰ ਮਕਾਨਾਂ ਦੀ ਉਸਾਰੀ ਲਈ 50-50 ਹ਼ਜਾਰ ਰੁਪਏ ਦੀ ਰਾਸ਼ੀ ਦੇ ਹਿਸਾਬ ਨਾਲ ਕੁੱਲ 60 ਲੱਖ ਰੁਪਏ ਉਹਨਾਂ ਦੇ ਬੈਂਕ ਖਾਤਿਆਂ ਵਿਚ ਭੇਜੇ ਗਏ ਹਨ।ਇਹਨਾਂ ਵਿਚ 70 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਵਜੋਂ 35 ਲੱਖ ਅਤੇ 50 ਲਾਭਪਾਤਰੀਆਂ ਨੂੰ ਦੂਜੀ ਕਿਸ਼ਤ ਵਜੋਂ 25 ਲੱਖ ਰੁਪਏ ਦਿੱਤੇ ਗਏ ਹਨ।ਉਨਾਂ ਕਿਹਾ ਕਿ ਸਰਕਾਰ ਵਲੋਂ ਤੀਜਾ ਡਿਮਾਂਡ ਸਰਵੇ ਵੀ ਕੀਤਾ ਗਿਆ ਹੈ, ਜਿਸ ਤਹਿਤ ਪ੍ਰਾਪਤ ਹੋਏ 4108 ਬਿਨੈ ਪੱਤਰਾਂ ਵਿਚੋਂ ਲਗਭਗ 2105 ਅਰਜ਼ੀਆਂ ਪ੍ਰਵਾਨ ਕੀਤੀਆਂ ਜਾ ਚੁੱਕੀਆਂ ਹਨ। ਇਹ ਸਰਕਾਰ ਦੀ ਪ੍ਰਵਾਨਗੀ ਲਈ ਭੇਜੀਆਂ ਜਾ ਚੁੱਕੀਆਂ ਹਨ।ਸਰਕਾਰ ਵਲੋਂ ਤੀਜੇ ਡਿਮਾਂਡ ਸਰਵੇ ਤਹਿਤ ਪ੍ਰਵਾਨ ਕੀਤੇ ਗਏ 1735 ਲਾਭਪਾਤਰੀਆਂ ਦੇ ਕੇਸਾਂ ਲਈ ਵੀ ਜਲਦ ਹੀ ਐਲ.ਓ.ਆਈ ਜਾਰੀ ਕੀਤੀ ਜਾ ਰਹੀ ਹੈ ।
ਇਸ ਮੌਕੇ ਕੌਂਸਲਰ ਅਜੀਤ ਸਿੰਘ ਭਾਟੀਆ, ਕੌਂਸਲਰ ਰਾਜਬੀਰ ਕੌਰ, ਕੌਂਸਲਰ ਰਾਜੇਸ਼ ਮਦਾਨ, ਕੌਂਸਲਰ ਜਰਨੈਲ ਸਿੰਘ ਭੁੱਲਰ, ਸਰਬਜੀਤ ਸਿੰਘ ਲਾਟੀ, ਭਗਤ ਜੀ, ਕੰਵਲਜੀਤ ਸਿੰਘ, ਸਕੱਤਰ ਵਿਸ਼ਾਲ ਵਧਾਵਨ ਤੋ ਇਲਾਵਾ ਭਾਰੀ ਗਿਣਤੀ ਵਿਚ ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਲਾਭਪਾਤਰੀ ਮੌਜ਼ੂਦ ਸਨ।
Punjab Post Daily Online Newspaper & Print Media