360000 ਐਮ.ਐਲ ਨਜਾਇਜ ਸ਼ਰਾਬ, 126000 ਕਿਲੋ ਲਾਹਣ ਤੇ 12 ਭੱਠੀਆਂ ਬਰਾਮਦ
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਧਰੁਵ ਦਹੀਆ ਆਈ.ਪੀ.ਐਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਤਿਆਰ ਕੀਤੀਆਂ
ਵਿਸ਼ੇਸ਼ ਟੀਮਾਂ ਨੇ ਖਿਆਲਾ ਕਲਾਂ, ਲੱਖੂਵਾਲ ਅਤੇ ਛਾਪਾ ਰਾਮ ਸਿੰਘ ‘ਚ ਸਰਚ ਆਪਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ, ਲਾਹਣ ਅਤੇ ਭੱਠੀਆਂ ਬਰਾਮਦ ਕੀਤੀਆਂ ਗਈਆਂ ਸਨ।
ਏਸੇ ਲੜੀ ਤਹਿਤ ਅੱਜ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਪਿੰਡ ਕੋਟਲੀ ਸੱਕਾ ਵਿਖੇ ਸਰਚ ਆਪਰੇਸ਼ਨ ਕਰਕੇ ਵੱਡੇ ਪੱਧਰ ‘ਤੇ ਐਸ.ਐਸ.ਪੀ ਦਹੀਆ ਵਲੋਂ ਖੁਦ ਸਰਚ ਪਾਰਟੀ ਦੀ ਮਦਦ ਨਾਲ ਪੰਜ ਘਰਾਂ ਚੈਕਿੰਗ ਕੀਤੀ ਗਈ ਜਿਨ੍ਹਾ ਵਿੱਚੋਂ ਤਿੰਨ ਸ਼ੱਕੀ ਵਿਅਕਤੀਆਂ ਦੇ ਘਰਾਂ ‘ਚ ਸਰਚ ਕੀਤੀ ਗਈ ਅਤੇ ਵੱਡੇ ਪੱਧਰ ‘ਤੇ ਨਜਾਇਜ਼ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆਂ ਮੌਕੇ ਤੋਂ ਗੁਰਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ, ਭਗਵੰਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਫਕੀਰ ਚੰਦ ਨੂੰ ਗ੍ਰਿਫਤਾਰ ਕਰਕੇ 3,60,000 ਐਮ.ਐਲ ਨਜਾਇਜ ਸ਼ਰਾਬ, 1,26,000 ਕਿੱਲੋ ਲਾਹਣ, 1830 ਕਿਲੋ ਗੁੜ, 12 ਚਾਲੂ ਭੱਠੀਆਂ, 12 ਤਰਪਾਲਾਂ, 24 ਡਰੱਮ, 20 ਕੈਨ, 12 ਸਿਲੰਡਰ, 4 ਮੋਟਰ ਸਾਈਕਲ ਤੇ 2 ਗੱਡੀਆਂ ਬਰਾਮਦ ਕੀਤੀਆਂ।
ਸ਼ਰਾਬ ਸਪਲਾਈ ਕਰਨ ਲਈ ਵਰਤੀਆਂ ਜਾਦੀਆਂ ਦੋ ਕਾਰਾਂ ਇੱਕ ਸਵਿਫਟ ਤੇ ਇੱਕ ਇੰਡੀਗੋ ਨੰਬਰੀ ਨਜਾਇਜ ਸ਼ਰਾਬ ਨਾਲ ਭਰੇ ਕੈਨਾਂ ਸਮੇਤ ਬਰਾਮਦ ਕੀਤੀਆਂ ਗਈਆਂ।ਇਸ ਸਬੰਧੀ 78(2) ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਗਈ।ਉਕਤ ਨਾਮਜ਼ਦ ਦੋਸ਼ੀਆਂ ਦੇ ਘਰੋਂ 1830 ਕਿਲੋ ਗੁੜ ਅਤੇ ਭਾਰੀ ਮਾਤਰਾ ਵਿੱਚ ਗਾਚੀ ਵੀ ਬਰਾਮਦ ਹੋਈ ਹੈ।ਆਪਰੇਸ਼ਨ ਦੋਰਾਨ ਐਸ.ਐਸ.ਪੀ ਵਲੋਂ 2 ਪ੍ਰਵਾਸੀ ਮਜਦੂਰਾਂ ਨੂੰ ਛੁਡਵਾਇਆ ਗਿਆ ਜਿਨ੍ਹਾ ਨੂੰ ਗੁਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਦੁਆਰਾ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਇਹਨਾ ਕੋਲੋ ਜਬਰਦਸਤੀ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਕੱਢਵਾਉਣ ਅਤੇ ਪਸ਼ੂ ਚਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਅਭੀਮੰਨਿਊ ਰਾਣਾ ਏ.ਐਸ.ਪੀ ਮਜੀਠਾ/ਜੰਡਿਆਲਾ, ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਸੁਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬਰਾਂਚ, ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਮਜੀਠਾ, ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੰਬੋਅ, ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਰਾਜਾਸਾਂਸੀ, ਐਸ.ਆਈ ਹਿਮਾਂਸ਼ੂ ਭਗਤ ਮੁੱਖ ਅਫਸਰ ਥਾਣਾ ਕੱਥੂਨੰਗਲ, ਐਸ.ਆਈ ਮਨਮੀਤ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ, ਤੋਂ ਇਲਾਵਾ ਹੋਰ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ।ਥਾਣਾ ਰਾਜਾਸਾਂਸੀ ਵਿਖੇ 12 ਵਿਅਕਤੀਆਂ ਖਿਲਾਫ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਧਰੁਵ ਦਹੀਆ ਐਸ.ਐਸ.ਪੀ ਦਿਹਾਤੀ ਨੇ ਕਿਹਾ ਕਿ ਇਹਨਾਂ ਦੀ ਨਜਾਇਜ਼ ਸ਼ਰਾਬ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ।ਜਿਸ ਨੂੰ ਜਲਦੀ ਹੀ ਫਰੀਜ਼ ਕਰਵਾ ਦਿੱਤਾ ਜਾਵੇਗਾ।ਉਹਨਾ ਦੱਸਿਆ ਕਿ ਰੈਡ ਰੋਜ਼ ਆਪਰੇਸ਼ਨ ਦੋਰਾਨ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਰਚ ਆਪਰੇਸ਼ਨ ਹੈ।
Punjab Post Daily Online Newspaper & Print Media