ਧੂਰੀ, 18 ਮਾਰਚ (ਪ੍ਰਵੀਨ ਗਰਗ) – ਸਥਾਨਕ ਪੰਜਾਬੀ ਸਾਹਿਤ ਸਭਾ ਦੀ ਮਾਰਚ ਮਹੀਨੇ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ
ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਰਾਜਿੰਦਰ ਸਿੰਘ ਪ੍ਰਦੇਸੀ, ਨਰੰਜਨ ਸਿੰਘ ਢੇਸੀ, ਅਨੂਪ ਸਿੰਘ ਨੂਰੀ, ਸਰਦੂਲ ਸਿਕੰਦਰ, ਜਗਜੀਤ ਜੀਰਵੀ, ਬੀ.ਐਸ ਨਾਰੰਗ ਅਤੇ ਕਿਸਾਨ ਆਗੂ ਦਾਤਾਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਤੋਂ ਉਪਰੰਤ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿੱਚ ਹੋਏ ਵਿਚਾਰ ਵਟਾਂਦਰੇ ਰਾਹੀਂ ਪੰਜਾਬੀ ਭਾਸ਼ਾ ਨਾਲ਼ ਆਮ ਲੋਕਾਂ ਅਤੇ ਸਰਕਾਰਾਂ ਵੱਲੋਂ ਹੋ ਰਹੇ ਵਿਤਕਰੇ ਦੀ ਨਿਖੇਧੀ ਕਰਦਿਆਂ 2008 ਵਿੱਚ ਬਣੇ ਪੰਜਾਬੀ ਭਾਸ਼ਾ ਐਕਟ ਨੂੰ ਇੰਨ ਬਿੰਨ ਲਾਗੂ ਕਰਨ ਦੀ ਮੰਗ ਕੀਤੀ ਗਈ।ਅੰਤਰਰਾਸ਼ਟਰੀ ਔਰਤ ਦਿਵਸ ਸੰਬੰਧੀ ਕੁੱਲ ਦੁਨੀਆਂ ਦੀਆਂ ਔਰਤਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ਼ ਨਾਲ਼ ਆਪਣੇ ਹੱਕਾਂ ਲਈ ਲੜਨ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਅਤੇ 23 ਮਾਰਚ ਨੂੰ ਆ ਰਹੇ ਸ਼ਹੀਦ ਭਗਤ ਸਿੰਘ ਦੇ ਬਲੀਦਾਨ ਦਿਵਸ ਸੰਬੰਧੀ ਨੌਜਵਾਨਾਂ ਨੂੰ ਉਹਨਾਂ ਵਲੋਂ ਪਾਏ ਪੂਰਨਿਆਂ `ਤੇ ਚੱਲਦੇ ਹੋਏ ਜਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਦੀ ਅਪੀਲ ਕੀਤੀ ਗਈ।
ਤੀਸਰੇ ਅਤੇ ਆਖਰੀ ਦੌਰ ਵਿੱਚ ਰਣਜੀਤ ਆਜ਼ਾਦ ਕਾਂਝਲਾ, ਮੀਤ ਸਕਰੌਦੀ, ਸੁਖਵਿੰਦਰ ਸੁੱਖੀ ਮੂਲੋਵਾਲ, ਪ੍ਰੋ. ਨਰਿੰਦਰ ਸਿੰਘ ਸੰਗਰੂਰ, ਸੁਰਜੀਤ ਸਿੰਘ ਮੌਜ਼ੀ, ਡਾ. ਪਰਮਜੀਤ ਦਰਦੀ, ਅਸ਼ੋਕ ਭੰਡਾਰੀ, ਸੁਖਵਿੰਦਰ ਲੋਟੇ, ਮੰਗਲ ਬਾਵਾ, ਕਰਮ ਸਿੰਘ ਜ਼ਖ਼ਮੀ ਅਤੇ ਮੂਲ ਚੰਦ ਸ਼ਰਮਾ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰ ਕੇ ਮਹੌਲ ਨੂੰ ਖ਼ੁਸ਼ਗਵਾਰ ਅਤੇ ਜੁਝਾਰੂ ਬਣਾਇਆ।
ਪੇਸ਼ ਕੀਤੀਆਂ ਗਈਆਂ ਰਚਨਾਵਾਂ ਉਪਰ ਉਸਾਰੂ ਅਲੋਚਨਾਂ ਅਤੇ ਕੀਮਤੀ ਸੁਝਾਅ ਦੇਣ ਵਾਲਿਆਂ ਵਿੱਚ ਜਗਤਾਰ ਸਿੰਘ ਸੰਗਰੂਰ, ਦੀਪਕ ਗਰਗ, ਗੁਰਦਿਆਲ ਨਿਰਮਾਣ ਅਤੇ ਕੁਲਵੰਤ ਸਿੰਘ ਸ਼ਾਮਲ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media