ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੱਗੇ ਮੈਡੀਕਲ ਕੈਂਪ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਜ਼ਿਲੇ੍ ਵਿੱਚ ਆਕਸੀਜਨ ਦੀ ਕੋਈ ਕਮੀ ਨਹੀ ਹੈ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਲਈ
ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਸਿਹਤ ਸੰਸਥਵਾਂ ਨੂੰ ਪਹਿਲ ਦੇ ਆਧਾਰ ‘ਤੇ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਲਈ ਲੋਕਾਂ ਨੂੰ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰ: 61 ਅਧੀਨ ਪੈਂਦੇ ਇਲਾਕੇ ਨਮਕ ਮੰਡੀ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵਲੋਂ ਲਗਾਏ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਉਪਰੰਤ ਕੀਤਾ।ਸੋਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਹਿਲਾਂ ਹੀ ਅਕਾਸੀਜਨ ਸਪਲਾਈ ਕਰਨ ਵਾਲੇ ਸਮੂਹ ਵੈਂਡਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਕਸੀਜਨ ਸਿਲੰਡਰਾਂ ਦੀ ਵਰਤੋ ਉਦਯੋਗਿਕ ਕੰਮਾਂ ਲਈ ਨਾ ਕੀਤੀ ਜਾਵੇ ਤੇ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਲਈ ਪਹਿਲ ਦਿੱਤੀ ਜਾਵੇ।
ਸੋਨੀ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਤੇਜ਼ੀ ਨਾਲ ਕੋਵਿਡ-19 ਦੇ ਕੇਸ ਵਧ ਰਹੇ ਹਨ।ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੀਏ।ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਵਧੇਰੇ ਉਮਰ ਵਾਲੇ ਸਾਰੇ ਵਿਅਕਤੀੰ ਕਰੋਨਾ ਵੈਕਸੀਨ ਜਰੂਰ ਲਗਵਾਉਣ।ਇਸ ਤੋਂ ਇਲਾਵਾ ਮਾਸਕ ਦੀ ਵਰਤੋਂ ਕਰਨ ਨਾਲ ਕਰੋਨਾ ਮਹਾਂਮਾਰੀ ਤੋਂ 85 ਫੀਸਦੀ ਤੋਂ ਜਿਆਦਾ ਬਚਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਮਹਿੰਗਾਈ ਦੇ ਯੁਗ ਵਿੱਚ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਵੱਲੋਂ ਮਾਨਵਤਾ ਦੀ ਭਲਾਈ ਲਈ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਸੁਸਾਇਟੀ ਨੂੰ 1.5 ਲੱਖ ਰੁਪਏ ਦਿੱਤੇ ਗਏ ਹਨ ਅਤੇ ਜੇਕਰ ਹੋਰ ਫੰਡਾਂ ਦੀ ਲੋੜ ਹੋਈ ਤਾਂ ਉਹ ਵੀ ਮੁਹੱਈਆ ਕਰਵਾਏ ਜਾਣਗੇ।ਸੁਸਾਇਟੀ ਮੈਂਬਰਾਂ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਗੁਰਦੇਵ ਸਿੰਘ ਦਾਰਾ, ਪਰਮਜੀਤ ਸਿੰਘ ਚੋਪੜਾ, ਵਿੱਕੀ ਦੱਤਾ, ਸੰਨੀ ਕੁੰਦਰਾ, ਗੌਰੀ ਸ਼ੰਕਰ, ਕਪਿਲ ਮਹਾਜਨ ਅਤੇ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media