Monday, August 24, 2026

ਸੰਗਰੂਰ ‘ਚ ਆਕਸੀਜਨ, ਬੈਡਾਂ ਆਦਿ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ – ਸਿੰਗਲਾ

ਕੈਬਨਿਟ ਵਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨਾਲ ਮੀਟਿੰਗ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਸੰਗਰੂਰ ਹਲਕੇ ਤੋਂ ਕੈਬਨਿਟ ਮੰਤਰੀ ਬਣੇ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਰੋਜ਼ਾਨਾ ਸਮੀਖਿਆ ਕਰਨ ਦੇ ਨਾਲ-ਨਾਲ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਦੇ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਲੋੜ ਪੈਣ ’ਤੇ ਉਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ।ਉਨਾਂ ਨੇ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਵੀ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ।ਆਈ.ਐਮ.ਏ ਦੇ ਡਾਕਟਰਾਂ ਨੇ ਕੈਬਨਿਟ ਮੰਤਰੀ ਸਿੰਗਲਾ ਨੂੰ ਸੰਗਰੂਰ ‘ਚ ਮੈਡੀਕਲ ਸਹੂਲਤਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
                   ਸਿੰਗਲਾ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਸ ਖ਼ਤਰਨਾਕ ਦੌਰ ‘ਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਈ.ਐਮ.ਏ ਦੇ ਮੈਂਬਰ ਵੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਗੇ ਆਉਣ।ਉਨਾਂ ਨੂੰ ਹਰ ਤਰਾਂ ਦੀ ਆਰਥਿਕ ਜਾਂ ਬੁਨਿਆਦੀ ਢਾਂਚੇ ਦੀ ਮਦਦ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਹਾਲਾਂਕਿ ਮੌਜ਼ੂਦਾ ਸਮੇਂ ਸੰਗਰੂਰ ‘ਚ ਕਾਂਗਰਸ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੈਵਲ-2 ਤਹਿਤ ਆਕਸੀਜਨ ਉਪਲਬਧਤਾ ਵਾਲੇ 200 ਦੇ ਕਰੀਬ ਬੈਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।ਇਸੇ ਤਰਾਂ ਸਿਵਲ ਹਸਪਤਾਲ ਧੂਰੀ ਵਿਖੇ ਕੋਰੋਨਾਵਾਇਰਸ ਪਾਜ਼ਟਿਵ ਮਹਿਲਾਵਾਂ ਦੇ ਜਣੇਪੇ ਲਈ ਵਿਸ਼ੇਸ਼ ਵਾਰਡ ਤਿਆਰ ਕੀਤੀ ਗਈ ਹੈ।
                 ਕੈਬਨਿਟ ਮੰਤਰੀ ਨੇ ਦੱਸਿਆ ਕਿ ਆਕਸੀਜਨ ਉਪਲੱਬਧਤਾ ਵਾਲੇ ਬੈਡਾਂ ਦੀ ਗਿਣਤੀ ਵਧਾਉਣ ਲਈ ਉਨਾਂ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ ਅਤੇ ਜਲਦ ਹੀ ਜ਼ਿਲੇ ਦੇ ਕਈ ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ-2 ਮਰੀਜ਼ਾਂ ਨੂੰ ਦਾਖ਼ਲ ਕਰਨ ਦੀ ਆਗਿਆ ਦਿੱਤੀ ਜਾਵੇਗੀ।ਸੰਗਰੂਰ ਹਲਕੇ ‘ਚ ਉਪਲੱਬਧ ਢੁੱਕਵੀਆਂ ਇਮਾਰਤਾਂ ਨੂੰ ਵੀ ਲੈਵਲ-2 ਕੋਵਿਡ ਕੇਅਰ ਸੈਂਟਰਾਂ ’ਚ ਬਦਲਣ ਦੀ ਤਜਵੀਜ਼ ਹੈ।ਜਿਸ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ-ਨਾਲ ਕੋਵਿਡ ਟੀਕਾਕਰਨ ਲਾਜ਼ਮੀ ਤੌਰ ’ਤੇ ਕਰਵਾਉਣਾ ਚਾਹੀਦਾ ਹੈ।
                  ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ ਵਿਵੇਕ ਸ਼ੀਲ ਸੋਨੀ, ਏ.ਡੀ.ਸੀ ਜਨਰਲ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਯਸ਼ਪਾਲ ਸ਼ਰਮਾ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਆਈ.ਐਮ.ਏ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …