ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ
ਨਵਾਂਸ਼ਹਿਰ, 22 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ
ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਬੈੱਡਾਂ ਦੀ ਗਿਣਤੀ ਵਧਾ ਕੇ ਲੈਵਲ-3 ਇਲਾਜ ਸਹੂਲਤ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਫਿਲਹਾਲ ਇਥੇ ਲੈਵਲ-3 ਦੇ ਮਰੀਜ਼ਾਂ ਲਈ 2 ਬੈੱਡਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਉਪਕਰਣਾਂ ਤੋਂ ਇਲਾਵਾ ਮੈਡੀਕਲ ਤੇ ਤਕਨੀਕੀ ਸਟਾਫ ਦੀ ਨਿਯੁੱਕਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੈਵਲ-1 ਅਤੇ ਲੈਵਲ-2 ਦੀ ਸਹੂਲਤ ਪਹਿਲਾਂ ਤੋਂ ਉਪਲਬੱਧ ਹੈ ਅਤੇ ਹੁਣ ਲੈਵਲ-3 ਸਹੂਲਤ ਮੁਹੱਈਆ ਹੋਣ ਨਾਲ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੈਵਲ-3 ਦੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਂ ਹੋਰਨਾਂ ਜ਼ਿਲ੍ਹਿਆਂ ਵਿਚ ਜਾਣਾ ਪੈਂਦਾ ਸੀ।
ਇਸ ਦੌਰਾਨ ਡਾ. ਸ਼ੇਨਾ ਅਗਰਵਾਲ ਨੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾ ਦੌਰਾ ਕਰਕੇ ਉਥੇ ਮਰੀਜ਼ਾਂ ਨੂੰ ਮਿਲ ਰਹੀਆਂ ਇਲਾਜ ਸੁਵਿਧਾਵਾਂ ਦਾ ਜਾਇਜ਼ਾ ਲਿਆ।ਉਨ੍ਹਾਂ ਆਈਸੋਲੇਸ਼ਨ ਵਾਰਡ ਦੇ ਸਟਾਫ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਰੀਜ਼ਾਂ ਦੇ ਬਿਹਤਰੀਨ ਇਲਾਜ ਦੀ ਤਾਕੀਦ ਕੀਤੀ।ਉਨ੍ਹਾਂ ਸਟਾਫ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਉਸ ਦਾ ਫੌਰਨ ਹੱਲ ਕੱਢਿਆ ਜਾ ਸਕੇ।ਉਨ੍ਹਾਂ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਹਸਪਤਾਲ ਵਿਚ ਹੋਰਨਾਂ ਬਿਮਾਰੀਆਂ ਦੇ ਇਲਾਜ਼ ਲਈ ਪਹੁੰਚੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਹਸਪਤਾਲ ਦੀ ਲੈਬਾਰਟਰੀ ਦਾ ਵੀ ਮੁਆਇਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਮਰੀਜ਼ਾਂ ਲਈ ਸਾਰੀਆਂ ਸਿਹਤ ਸਹੂਲਤਾਂ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਇਥੋਂ ਦਾ ਸਾਰਾ ਸਟਾਫ ਪ੍ਰਤੀਬੱਧਤਾ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਜਲਦ ਹੀ ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨ ਵਿਚ ਕਾਮਯਾਬੀ ਪਾਈ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ, ਡਾ. ਸਤਵਿੰਦਰ ਸਿੰਘ, ਡਾ. ਨੀਨਾ ਸ਼ਾਂਤ, ਡਾ. ਰੁਪਿੰਦਰ ਸਿੰਘ, ਪਰਮਵੀਰ ਪ੍ਰਿੰਸ, ਅਜੇ ਕੁਮਾਰ, ਤਰਸੇਮ ਲਾਲ, ਰਾਜੇਸ਼ ਕੁਮਾਰ, ਸਿਸਟਰ ਰਾਜ ਤੋਂ ਇਲਾਵਾ ਆਈਸੋਲੇਸ਼ਨ ਵਾਰਡ ਦਾ ਸਮੂਹ ਸਟਾਫ ਹਾਜ਼ਰ ਸੀ।
Punjab Post Daily Online Newspaper & Print Media