Monday, December 23, 2024

ਖੇਤੀ ਮਸ਼ੀਨਰੀ ’ਤੇ ਉਪਦਾਨ ਲਈ ਪੋਰਟਲ ‘ਤੇ ਅੱਜ ਤੱਕ ਲਈਆਂ ਜਾਣਗੀਆਂ ਅਰਜ਼ੀਆਂ -ਡਾਇਰੈਕਟਰ ਖੇਤੀਬਾੜੀ

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ

ਨਵਾਂਸ਼ਹਿਰ, 26 ਮਈ (ਪੰਜਾਬ ਪੋਸਟ ਬਿਉਰੋ) – ‘ਕਾਮਯਾਬ ਕਿਸਾਨ ਅਤੇ ਖੁਸ਼ਹਾਲ ਪੰਜਾਬ’ (ਕੇ 3 ਪੀ) ਤਹਿਤ ਵੱਖ-ਵੱਖ ਸਕੀਮਾਂ ਅਧੀਨ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਵਿਭਾਗ ਦੇ ਪੋਰਟਲ ’ਤੇ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 26 ਮਈ 2021 ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
                ਉਨ੍ਹਾਂ ਦੱਸਿਆ ਕਿ ਸੀ.ਆਰ.ਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ, ਰੇਕ, ਹੈਪੀਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਪਲਾਓ, ਚੌਪਰ, ਮਲਚਰ ਆਦਿ ’ਤੇ ਨਿੱਜੀ ਕਿਸਾਨਾਂ ਲਈ 50 ਫੀਸਦੀ ਸਬਸਿਡੀ ਅਤੇ ਕਿਸਾਨ ਗਰੁੱਪ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ/ਐਫ.ਪੀ.ਓ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਹੋਰ ਮਸ਼ੀਨਾਂ ਜਿਵੇਂ ਕਿ ਸਪਰੇਅਰ, ਕਪਾਹ-ਮੱਕੀ ਬੀਜਣ ਵਾਲੇੇ ਨਿੳੂ ਮੈਟਿਕ ਪਲਾਂਟਰ, ਬਹੁ ਫ਼ਸਲੀ ਪਲਾਂਟਰ, ਝੋਨੇ ਲਈ ਡੀ. ਐਸ. ਆਰ (ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ), ਪੈਡੀ ਟ੍ਰਾਂਸਪਲਾਂਟਰ, ਆਲੂ ਬੀਜਣ/ਪੁੱਟਣ ਵਾਲੀਆਂ ਮਸ਼ੀਨਾਂ, ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ, ਲੇਜ਼ਰ ਲੈਵਲਰ, ਮੱਕੀ ਦੇ ਡਰਾਇਰ, ਵੀਡਰ ਆਦਿ ਮਸ਼ੀਨਾਂ ’ਤੇ ਨਿੱਜੀ ਕਿਸਾਨਾਂ/ਕਿਸਾਨ ਗਰੁੱਪ/ਗ੍ਰਾਮ ਪ੍ਰਚਾਇਤ/ਸਹਿਕਾਰੀ ਸਭਾਵਾਂ/ਐਫ.ਪੀ.ਓ ਨੂੰ 40 ਫੀਸਦੀ ਸਬਸਿਡੀ ਅਤੇ ਮਹਿਲਾ ਕਿਸਾਨ/ਅਨੁਸੂਚਿਤ ਜਾਤੀ ਕਿਸਾਨ/ਛੋਟੇ ਅਤੇ ਦਰਮਿਆਨੇ ਕਿਸਾਨ (ਜਿਨ੍ਹਾਂ ਦੀ ਮਾਲਕੀ 5 ਏਕੜ ਤੋਂ ਘੱਟ ਹੈ) ਨੂੰ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
                    ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ, ਜਿਸ ਦੀ ਬਿਜਾਈ ਦਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ 1 ਜੂਨ 2021 ਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੇ ਨਾਲ ਸਬੰਧਤ ਬਲਾਕਾਂ ਵਿਚ ਜਾ ਕੇ ਝੋਨੇ ਦੇ ਬੀਜ ਦੀ ਖ਼ਰੀਦ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੁਆਇਲ ਹੈਲਥ ਸਕੀਮ ਅਧੀਨ ਵੱਖ-ਵੱਖ ਬਲਾਕਾਂ ਵੱਲੋਂ ਪਿੰਡਾਂ ਦੀ ਚੋਣ ਕਰਕੇ ਕਿਸਾਨਾਂ ਦੇ ਖੇਤਾਂ ਵਿਚੋਂ ਮਿੱਟੀ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਨ੍ਹਾਂ ਸੈਂਪਲਾਂ ਦੀ ਮੁਫ਼ਤ ਵਿਚ ਲੈਬਾਰਟਰੀ ਦੁਆਰਾ ਟੈਸਟਿੰਗ ਕਰਕੇ ਸੁਆਇਲ ਹੈਲਥ ਕਾਰਡ ਮੁਹੱਈਆ ਕਰਵਾਏ ਜਾਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਖਾਦਾਂ ਪਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ।
                    ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਵੱਲੋਂ ਵੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਕਿਸਾਨ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਪੋਰਟਲ https://agrimachinerypb.com ‘ਤੇ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ/ਕਿਸਾਨ ਗਰੁੱਪ/ਗ੍ਰਾਮ ਪ੍ਰਚਾਇਤ/ਸਹਿਕਾਰੀ ਸਭਾਵਾਂ/ਐਫ.ਪੀ.ਓ ਵੱਲੋਂ ਮਿਤੀ 26 ਮਈ 2021 ਤੱਕ ਪੋਰਟਲ ’ਤੇ ਅਪਲਾਈ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਵਿਚਾਰਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ)/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …