ਅੰਮ੍ਰਿਤਸਰ, 1 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਡਾ. ਹਰਚੰਦ ਸਿੰਘ ਬੇਦੀ ਅਕਾਲ
ਚਲਾਣਾ ਕਰ ਜਾਣ ‘ਤੇ ਪੰਜਾਬੀ ਅਕਾਦਮਿਕ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਡਾ. ਬੇਦੀ ਪਰਵਾਸੀ ਪੰਜਾਬੀ ਸਾਹਿਤ ਦੇ ਮੋਹਰੀ ਵਿਦਵਾਨ ਸਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਇੰਮੀਗ੍ਰੈਂਟ ਸਟੱਡੀਜ਼ ਵਿਚ ਪ੍ਰੋਫ਼ੈਸਰ ਵਜੋਂ ਲੰਮਾ ਅਰਸਾ ਸੇਵਾ ਨਿਭਾਉਂਦੇ ਰਹੇ ਅਤੇ ਇਸ ਦੌਰਾਨ ਉਹਨਾਂ ਨੇ ਪਰਵਾਸੀ ਪੰਜਾਬੀ ਸਾਹਿਤ ਸੰਬੰਧੀ ਬਹੁਤ ਮੁੱਲਵਾਨ ਅਤੇ ਵਿਸਤ੍ਰਿਤ ਖੋਜ਼-ਕਾਰਜ਼ ਕੀਤਾ।ਡਾ. ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਬੇਦੀ ਲਾਲ ਸਿੰਘ ਦੇ ਘਰ 25 ਦਸੰਬਰ 1951 ਨੂੰ ਹੋਇਆ।ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਐਸ.ਪੀ ਸਿੰਘ ਦੀ ਨਿਗਰਾਨੀ ਹੇਠ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਰਸਮੀਂ ਤੌਰ ’ਤੇ ਅਧਿਆਪਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ, ਪ੍ਰੰਤੂ ਸਾਹਿਤ ਅਧਿਐਨ ਦੇ ਖੇਤਰ ਵਿੱਚ ਉਹਨਾਂ ਦਾ ਪ੍ਰਵੇਸ਼ ਇਸ ਤੋਂ ਇਕ ਦਹਾਕਾ ਪਹਿਲਾਂ ‘ਡਾ. ਗੁਰਦਿਆਲ ਸਿੰਘ ਫੁੱਲ ਅਭਿਨੰਦਨ ਗ੍ਰੰਥ’, 1982 ਦੀ ਸੰਪਾਦਨਾ ਰਾਹੀਂ ਹੋ ਚੁੱਕਾ ਸੀ।ਉਹ ਆਪਣੀ ਉਮਰ ਦੇ 30 ਤੋਂ ਵਧੇਰੇ ਸਾਲ ਅਧਿਐਨ, ਅਧਿਆਪਨ, ਖੋਜ, ਸੰਪਾਦਨ ਅਤੇ ਅਨੁਵਾਦ ਆਦਿ ਖੇਤਰਾਂ ਵਿਚ ਪੂਰੀ ਤਰ੍ਹਾਂ ਸਰਗਰਮ ਰਹੇ।ਉਹਨਾਂ ਦੀਆਂ ਲਗਾਤਾਰ ਛਪੀਆਂ 67 ਪੁਸਤਕਾਂ ਸਾਹਿਤ ਅਧਿਐਨ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹਨ।
ਉਹਨਾਂ ਦੀਆਂ ਗੌਰਵਸ਼ਾਲੀ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ 2019 ਵਿਚ ਉਹਨਾਂ ਨੂੰ ‘ਸ਼ਿਰੋਮਣੀ ਪਰਵਾਸੀ ਸਾਹਿਤ ਆਲੋਚਕ’ ਪੁਰਸਕਾਰ ਪ੍ਰਦਾਨ ਕੀਤਾ।ਉਹਨਾਂ ਨੇ ਆਪਣੇ ਅਧਿਆਪਨ ਦਾ ਸਫ਼ਰ ਬੇਰਿੰਗ ਕਾਲਜ ਬਟਾਲਾ ਤੋਂ ਆਰੰਭ ਕੀਤਾ। ਇਸ ਉਪਰੰਤ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵੀ ਸੇਵਾਵਾਂ ਨਿਭਾਈਆਂ।ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਇੰਮੀਗ੍ਰੈਂਟ ਸਟੱਡੀਜ਼ ਦੇ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਰਹੇ।ਉਹਨਾਂ ਨੇ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ਼ ਖ਼ਾਲਸਾ ਦੀਵਾਨ (ਅੰਮ੍ਰਿਤਸਰ) ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ।
ਵਰਤਮਾਨ ਸਮੇਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਪ੍ਰੋਫ਼ੈਸਰ ਆਫ਼ ਐਮੀਨੈਂਸ ਵਜੋਂ ਕਾਰਜ਼ ਕਰ ਰਹੇ ਸਨ।ਉਹਨਾਂ ਦੇ ਆਕਾਲ ਚਲਾਣੇ ਨਾਲ ਯੂਨੀਵਰਸਿਟੀ ਦੇ ਸਾਰੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਘੋਰ ਉਦਾਸੀ ਦੇ ਆਲਮ ਵਿੱਚ ਹਨ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ `ਤੇ ਦੁੱਖ ਪ੍ਰਗਟਾਵਾ ਕਰਦਿਆਂ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪੰਜਾਬੀ ਅਧਿਐਨ ਸਕੂਲ ਵਿਚ ਕੀਤੀ ਗਈ ਸ਼ੋਕ ਸਭਾ ਵਿੱਚ ਪ੍ਰੋ. ਡਾ. ਰਮਿੰਦਰ ਕੌਰ, ਡਾ. ਮਨਜਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media