ਕਰੀਬ 21 ਕਰੋੜ ਦੀ ਲਾਗਤ ਨਾਲ ਬਣੇਗੀ 25.6 ਕਿਲੋਮੀਟਰ ਲੰਬੀ ਸੜਕ
ਨਵਾਂਸ਼ਹਿਰ, 1 ਜੂਨ (ਪੰਜਾਬ ਪੋਸਟ ਬਿਊਰੋ) – ਲੰਬੇ ਸਮੇਂ ਤੋਂ ਖਸਤਾ ਹਾਲਤ ਰਾਹੋਂ-ਫਿਲੌਰ ਰੋਡ ਦੇ ਅੱਜ ਉਸ ਸਮੇਂ ਭਾਗ ਖੁੱਲ੍ਹ ਗਏ, ਜਦੋਂ ਹਲਕਾ ਵਿਧਾਇਕ ਅੰਗਦ
ਸਿੰਘ ਵੱਲੋਂ ਇਸ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ। ਕਰੀਬ 25.6 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ਦੇ ਕੰਮ ’ਤੇ ਕਰੀਬ 21 ਕਰੋੜ ਰੁਪਏ ਦੀ ਲਾਗਤ ਆਵੇਗੀ।
ਨੌਜਵਾਨ ਵਿਧਾਇਕ ਨੇ ਦੱਸਿਆ ਕਿ ਸਾਢੇ ਚਾਰ ਸਾਲ ਪਹਿਲਾਂ ਜਦੋਂ ਉਨ੍ਹਾਂ ਹਲਕੇ ਦੀ ਸੇਵਾ ਸੰਭਾਲੀ ਸੀ, ਉਦੋਂ ਹਲਕੇ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਸਨ, ਪ੍ਰੰਤੂ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਸਾਰੀਆਂ ਸੜਕਾਂ ਇਕ-ਇਕ ਕਰਕੇ ਮੁਕੰਮਲ ਕੀਤੀਆਂ ਗਈਆਂ ਹਨ।ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਰਾਹੋਂ-ਫਿਲੌਰ ਸੜਕ ਦੀ ਦਾ ਮੁੱਦਾ ਵੀ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਸੀ ਅਤੇ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਵੀ ਉਹ ਕਈ ਵਾਰ ਮਿਲੇ, ਜਿਸ ਸਦਕਾ ਅੱਜ ਇਸ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਸੜਕ ਦੇ ਰਾਹੋਂ ਤੋਂ ਸ਼ੁਰੂ ਹੋਣ ਵਾਲੇ ਕਰੀਬ 200 ਮੀਟਰ ਦੇ ਟੋਟੇ ਨੂੰ ਉਨ੍ਹਾਂ ਕੰਕਰੀਟ ਦਾ ਬਣਾਉਣ ਲਈ ਕਿਹਾ ਹੈ, ਕਿਉਂਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਇਹ ਅਕਸਰ ਟੁੱਟ ਜਾਂਦਾ ਹੈ।ਨਗਰ ਕੌਂਸਲ ਪ੍ਰਧਾਨ ਸਮੇਤ ਸਮੂਹ ਕੌਂਸਲਰਾਂ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਵਿਧਾਇਕ ਅੰਗਦ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਅਨਿਲ ਗਰਗ, ਐਕਸੀਅਨ ਗਿੰਦਰ ਸਿੰਘ, ਐਸ.ਡੀ.ਓ ਕੁਲਦੀਪ ਚੰਦ ਤੇ ਜਸਨੂਰਪਾਲ ਸਿੰਘ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਮੀਤ ਪ੍ਰਧਾਨ ਮਾਸਟਰ ਮੋਹਿੰਦਰ ਪਾਲ, ਨਰਿੰਦਰ ਸਿੰਘ, ਦਵਿੰਦਰ ਕੁਮਾਰ, ਕਰਨੈਲ ਸਿੰਘ, ਰਾਜੇਸ਼ ਚੋਪੜਾ, ਸਤਪਾਲ, ਸਰੂਪ ਬਡਵਾਲ, ਗੁਰਮੇਲ ਰਾਮ, ਹਰਸ਼ ਜੋਸ਼ੀ, ਜਸਵਿੰਦਰ ਚੋਪੜਾ, ਬੂਟਾ ਰਾਮ, ਬੌਬੀ, ਅਸ਼ੋਕ, ਅਸ਼ਵਨੀ ਜੋਸ਼ੀ, ਲਖਵੀਰ ਫਾਂਬੜਾ, ਪਿ੍ਰਤਪਾਲ, ਜਸਵਿੰਦਰ ਲੋਂਗੀਆ, ਕਾਲਾ, ਡਾ. ਸੈਣੀ, ਚੜ੍ਹਤ ਸਿੰਘ, ਲਵਲੀ, ਤਜਿੰਦਰ ਕੌਰ ਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media