Friday, May 30, 2025
Breaking News

ਬਿਜਲੀ ਸਪਲਾਈ ਨਾ ਮਿਲਣ ਕਾਰਨ, ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ

ਸਮਰਾਲਾ, 20 ਜੂਨ (ਇੰਦਰਜੀਤ ਸਿੰਘ ਕੰਗ) – ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ 8 ਘੰਟੇ ਬਿਜ਼ਲੀ ਦੀ ਨਿਰਵਿਘਨ ਸਪਲਾਈ ਦੇਣ ਦੇ ਸਰਕਾਰੀ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋਂ ਅਨੇਕਾਂ ਪਿੰਡਾਂ ਦੇ ਕਿਸਾਨ ਬਿਜ਼ਲੀ ਸਪਲਾਈ ਦੀ ਮੰਗ ਲਈ ਇਕੱਠੇ ਹੋ ਕੇ ਪਿੰਡ ਕੋਟਲਾ ਸਮਸ਼ਪੁਰ ਵਿਖੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਬੰਦ ਕਰਕੇ ਧਰਨੇ ‘ਤੇ ਬੈਠ ਗਏ।ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦਿਆਲਪੁਰਾ ਨੇ ਦੱਸਿਆ ਕਿ ਘੁੰਗਰਾਲੀ ਗਰਿਡ ਤੋਂ ਚੱਲ ਰਹੇ ਪਿੰਡ ਬੌਂਦਲੀ, ਦਿਆਲਪੁਰਾ, ਘਰਖਣਾ, ਕੋਟਲਾ ਸਮਸ਼ਪੁਰ, ਹੇਡੋਂ, ਸੰਗਤਪੁਰਾ, ਮੱਲ ਮਾਜਰਾ, ਸਿਹਾਲਾ ਆਦਿ ਪਿੰਡਾਂ ਨੂੰ ਟਿਊਬਵੈਲਾਂ ਲਈ ਸਪਲਾਈ ਦਿੱਤੀ ਜਾਂਦੀ ਹੈ।ਪਿਛਲੀ 14 ਜੂਨ ਤੋਂ ਇਸ ਗਰਿਡ ਤੋਂ ਟਿਊਬਵੈਲਾਂ ਨੂੰ ਕੇਵਲ ਕੁੱਝ ਘੰਟੇ ਹੀ ਬਿਜ਼ਲੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਝੋਨਾ ਲਾਉਣ ਵਿੱਚ ਕਾਫੀ ਦਿੱਕਤ ਆ ਰਹੀ ਹੈ।ਇਨ੍ਹਾਂ ਬਿਜਲੀ ਕੱਟਾਂ ਤੋਂ ਤੰਗ ਆ ਕੇ ਅੱਜ ਕਿਸਾਨਾਂ ਨੇ ਹਾਈਵੇ ਬੰਦ ਕਰ ਦਿੱਤਾ ਹੈ।ਉਨਾਂ ਮੰਗ ਕੀਤੀ ਕਿ ਜਦੋਂ ਤੱਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਟਿਊਬਵੈਲਾਂ ਨੂੰ 8 ਘੰਟੇ ਨਿਰਵਿਘਨ ਬਿਜ਼ਲੀ ਸਪਲਾਈ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਹ ਨੈਸ਼ਨਲ ਹਾਈਵੇ ਬੰਦ ਰੱਖਿਆ ਜਾਵੇਗਾ।
               ਇਸ ਸਬੰਧੀ ਜਦੋਂ ਬਿਜਲੀ ਬੋਰਡ ਦੇ ਐਕਸੀਅਨ ਘੁਲਾਲ ਨਾਲ ਫੋਨ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਹ ਐਸ.ਡੀ.ਓ ਰਘਵੀਰ ਸਿੰਘ ਨੂੰ ਮੌਕੇ ‘ਤੇ ਭੇਜ ਰਹੇ ਹਨ।ਕਿਸਾਨਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਰਘਵੀਰ ਸਿੰਘ ਨੇ ਕਿਹਾ ਕਿ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਹੈ।ਜੋ ਕੱਟ ਲਗਾਏ ਜਾਂਦੇ ਹਨ, ਉਹ ਕੱਟ ਕੇਵਲ ਪਟਿਆਲਾ ਤੋੋਂ ਆਈਆਂ ਹਦਾਇਤਾਂ ਮੁਤਾਬਿਕ ਹੀ ਲੱਗਦੇ ਹਨ।ਇਨ੍ਹਾਂ ਕੱਟਾਂ ਨਾਲ ਉਨਾਂ ਦਾ ਕੋਈ ਸਬੰਧ ਨਹੀਂ।ਉਨ੍ਹਾਂ ਦੀ ਹਰ ਮੁਸ਼ਕਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
                     ਧਰਨੇ ਵਿੱਚ ਬਲਵੀਰ ਸਿੰਘ ਖੀਰਨੀਆਂ ਮੀਤ ਪ੍ਰਧਾਨ ਕਿਸਾਨ ਯੂਨੀਅਨ, ਦਰਸ਼ਨ ਸਿੰਘ ਬੌਂਦਲੀ ਮੀਤ ਪ੍ਰਧਾਨ, ਗੁਰਜੀਤ ਸਿੰਘ ਦਿਆਲਪੁਰਾ, ਬਲਵੀਰ ਸਿੰਘ ਦਿਆਲਪੁਰਾ, ਗੁਰਜੰਟ ਸਿੰਘ ਦਿਆਲਪੁਰਾ, ਅਮਨ ਹੇਡੋਂ, ਗੱਬਰ ਸੰਗਤਪੁਰਾ, ਗੁਰਜੀਤ ਸਿੰਘ ਕੋਟਲਾ ਸਮਸ਼ਪੁਰ, ਜਤਿੰਦਰ ਸਿੰਘ ਮੱਲ ਮਾਜ਼ਰਾ, ਜੱਸਾ ਘਰਖਣਾ, ਦਵਿੰਦਰ ਸਿੰਘ ਸਰਪੰਚ, ਹਰਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਉਪਰੋਕਤ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …