ਅੰਮ੍ਰਿਤਸਰ, 25 ਜੂਨ (ਜਗਦਪਿ ਸਿੰਘ) – ਚੀਫ ਖਾਲਸਾ ਦੀਵਾਨ ਦੇ ਮੋਢੀਆਂ ਭਾਈ ਸਾਹਿਬ ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ ਅਤੇ ਤਰਲੋਚਨ ਸਿੰਘ ਵਲੋਂ
24 ਜੂਨ 1908 ਵਿੱਚ ਸ਼ੁਰੂ ਕੀਤੇ ਗਏ ‘ਪੰਜਾਬ ਐਂਡ ਸਿੰਧ ਬੈਂਕ’ ਦੇ ਸਥਾਪਨਾ ਦਿਵਸ ਦੀ ਵ5ਈ ਸੰਬੰਧੀ ਚੀਫ਼ ਖਾਲਸਾ ਦੀਵਾਨ ਮੁੱਖ ਦਫ਼ਤਰ ਵਲੋਂ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਡਾ: ਚਰਨ ਸਿੰਘ ਨੂੰ ਵਧਾਈ ਪੱਤਰ ਭੇਜਿਆ ਗਿਆ।
ਚੀਫ਼ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਵਰਤਮਾਨ ਸਮੇਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਦੂਰ ਅੰਦੇਸ਼ੀ ਮੋਢੀਆਂ ਨੇ ਪੰਜਾਬ ਪ੍ਰਾਂਤ ਦੀਆਂ ਵਿਦਿਅਕ ਅਤੇ ਆਰਥਿਕ ਲੋੜਾਂ ਪੂਰਨ ਕਰਨ ਹਿੱਤ ਪਹਿਲਾਂ ਸਾਲ 1892 ਵਿਚ ਖਾਲਸਾ ਕਾਲਜ ਅਤੇ ਉਪਰੰਤ ਸਾਲ 1908 ਵਿੱਚ ਇੱਕ ਸੁਤੰਤਰ ਬੈਂਕ ਦੀ ਸਥਾਪਨਾ ਕੀਤੀ।ਇਹ ਉਹਨਾਂ ਦੀ ਨਿਸ਼ਕਾਮ ਸੇਵਾ, ਦੂਰ ਅੰਦੇਸ਼ੀ ਅਤੇ ਸੂਝ-ਬੂਝ ਦਾ ਹੀ ਨਤੀਜਾ ਸੀ ਕਿ ਸਾਲ 1980 ਵਿਚ ਨੈਸ਼ਨਲਾਈਜ਼ ਹੋਣ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਇਕ ਪਾਸੇ ਵਪਾਰਕ ਖੇਤਰ ਵਿੱਚ ਇੱਕ ਉਨਤ ਬੈਂਕ ਵਜੋਂ ਉਭਰ ਕੇ ਸਾਹਮਣੇ ਆਇਆ, ਉਥੇ ਦੂਜੇ ਪਾਸੇ ਇਸ ਬੈਂਕ ਨੇ ਖਾਸ ਮੋਕਿਆਂ ‘ਤੇ ਗੁਰਬਾਣੀ ਕੀਰਤਨ, ਬਰਾਂਚਾਂ ਵਿੱਚ ਸਿੱਖੀ ਪਛਾਣ ਵਾਲੇ ਕੈਲੰਡਰ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰਾਹੀਂ ਸਿੱਖ ਪਰੰਪਰਾਵਾਂ, ਅਮੀਰ ਵਿਰਸੇ ਅਤੇ ਸਿੱਖ ਇਤਿਹਾਸ ਦੀ ਨੁਮਾਇੰਦਗੀ ਕੀਤੀ।
‘ਸਿੱਖਾਂ ਦੇ ਬੈਂਕ` ਵਜੋਂ ਜਾਣੇ ਜਾਂਦੇ ਇਸ ਬੈਂਕ ਨੇ ਕੌਮ ਦੀ ਕਈ ਆਰਥਿਕ ਪੱਖਾਂ ਤੋਂ ਸਹਾਇਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਥਾਪਨਾ ਸਮੇਂ ਕਰੀਬ 50000 ਪੂਰਨ ਗੁਰਸਿੱਖ ਬੱਚਿਆਂ ਨੂੰ ਇਸ ਬੈਂਕ ਰਾਹੀਂ ਰੁਜ਼ਗਾਰ ਪ੍ਰਾਪਤ ਹੋਇਆ ਸੀ।ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ: ਸੰਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਡਾਇਰੈਕਟਰ ਰਹੇ ਹਨ ਅਤੇ ਚੀਫ਼ ਖਾਲਸਾ ਦੀਵਾਨ ਦਾ ਇਸ ਬੈਂਕ ਨਾਲ ਭਾਵਨਾਤਮਕ ਲਗਾਅ ਵੀ ਰਿਹਾ ਹੈ।
ਪ੍ਰਧਾਨ ਨਿਰਮਲ ਸਿੰਘ ਸੀ.ਕੇ.ਡੀ ਸਕੂਲਜ਼ ਚੇਅਰਮੈਨ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਬੈਂਕ ਦੀ ਚੜ੍ਹਦੀ ਕਲਾ ਦੀ ਆਸ ਕੀਤੀ ਅਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਚੀਫ਼ ਖਾਲਸਾ ਦੀਵਾਨ ਦੇ ਮੋਢੀਆਂ ਵਲੋਂ ਸਥਾਪਿਤ ਸਿੱਖਾਂ ਦੀ ਸਰਪ੍ਰਸਤੀ ਵਾਲਾ ਇਹ ਬੈਂਕ ਭਾਰਤ ਦੇ ਮੁੱਖ ਬੈਂਕਾਂ ਵਿੱਚ ਸ਼ਾਮਲ ਹੋ ਕੇ ਪੰਥ ਦਾ ਮਾਣ ਵਧਾ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media